ਮਮਦੋਟ, 6 ਫਰਵਰੀ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਵਿਖੇ ਸਥਿਤ ਪ੍ਰਾਚੀਨ ਮੰਦਰ ਦੇਵੀ ਦੁਆਰਾ ਅੰਦਰ ਚੋਰ ਵਲੋਂ ਖਾਟੂ ਸ਼ਿਆਮ ਜੀ ਦੇ ਭਵਨ 'ਚ ਦਾਖਲ ਹੋ ਕੇ ਗੋਲਕ ਵਿਚੋਂ ਪੈਸੇ ਚੋਰੀ ਕਰਨ ਤੋਂ ਬਾਅਦ ਪ੍ਰਸ਼ਾਦ ਤੇ ਮੂਰਤੀ ਦੀ ਬੇਅਦਬੀ ਕੀਤੀ ਸੀ | ਇਹ ਸਾਰਾ ਘਟਨਾਕ੍ਰਮ ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਸੀ | ਜਿਸ ਤੋਂ ਬਾਅਦ ਵਾਇਰਲ ਹੋਈਆਂ ਚੋਰ ਦੀਆਂ ਤਸਵੀਰਾਂ ਤੋਂ ਬਾਅਦ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਥਾਣਾ ਮਮਦੋਟ ਦੀ ਪੁਲਿਸ ਨੇ ਚੋਰ ਨੂੰ ਕਾਬੂ ਕਰ ਲਿਆ ਗਿਆ, ਜਿਸ ਦੀ ਪਹਿਚਾਣ ਜਗਤਾਰ ਸਿੰਘ ਉਰਫ਼ ਕਾਲਾ ਪੁੱਤਰ ਮੱਲਾ ਸਿੰਘ ਵਾਸੀ ਪਿੰਡ ਮੱਤੜ ਹਿਠਾੜ (ਗੱਟੀ ਮੱਤੜ) ਵਜੋਂ ਹੋਈ ਹੈ | ਕਾਬੂ ਕੀਤੇ ਚੋਰ ਖ਼ਿਲਾਫ਼ ਮੰਦਰ ਦੇ ਪ੍ਰਧਾਨ ਸੰਦੀਪ ਚਾਵਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਮਮਦੋਟ ਵਿਖੇ ਚੋਰੀ ਤੇ ਬੇਅਦਬੀ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਉਸ ਦਿਨ ਹੀ ਮਮਦੋਟ ਹਿਠਾੜ (ਬਸਤੀ ਸਾਹਨਕੇ) ਦੇ ਗੁਰਦੁਆਰਾ ਸਾਹਿਬ ਵਿਖੇ ਵੀ ਕਿਸੇ ਵਿਅਕਤੀ ਵਲਾੋ ਚੌਰ ਸਾਹਿਬ ਨਾਲ ਗੋਲਕ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ | ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰ ਵਲੋਂ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਐਲ. ਈ. ਡੀ. ਸਕਰੀਨ ਨੂੰ ਤੋੜਿਆ ਗਿਆ, ਜਿਸ ਸੰਬੰਧੀ ਬਸਤੀ ਸਾਹਨਕੇ ਦੀ ਸੰਗਤ ਵਲੋਂ ਵੀ ਚੋਰੀ ਦੇ ਦੋਸ਼ 'ਚ ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ |