ਜ਼ੀਰਾ, 21 ਫ਼ਰਵਰੀ (ਹਰਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਜ਼ੀਰਾ ਦੇ ਪਿੰਡ ਢੰਡੀਆਂ ਵਿਖੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਇਕ ਸਮਾਗਮ ਕਰਵਾ ਕੇ ਖਨੌਰੀ ਸਰਹੱਦ 'ਤੇ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਲਈ ਸ਼ਹੀਦ ਹੋਏ ਸ਼ੁਭਕਰਨ ਸਿੰਘ ਬੱਲੋ ਸਮੇਤ ਹੋਰ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦਿਆਂ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ | ਇਸ ਦੌਰਾਨ ਰੈਲੀ ਨੂੰ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਸੂਬਾ ਆਗੂ ਕੁਲਦੀਪ ਸਿੰਘ ਗੁਰਦਾਸਪੁਰ, ਜ਼ਿਲ੍ਹਾ ਪ੍ਰਚਾਰ ਸਕੱਤਰ ਗੁਰਭਾਗ ਸਿੰਘ ਮਰੂੜ੍ਹ, ਗੁਰਪ੍ਰੀਤ ਸਿੰਘ ਫਰੀਦੇ ਵਾਲਾ, ਸੁਖਵਿੰਦਰ ਸਿੰਘ ਅਲੀਪੁਰ, ਜੁਗਰਾਜ ਸਿੰਘ ਫੇਰੋਕੇ, ਜ਼ਿਲ੍ਹਾ ਆਗੂ ਗੁਲਜ਼ਾਰ ਸਿੰਘ ਗੋਗੋਆਣੀ ਪ੍ਰੈੱਸ ਸਕੱਤਰ ਨਵਜੋਤ ਨੀਲੇ ਵਾਲਾ, ਸਤਵੀਰ ਕੌਰ, ਨਿੰਦਰ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗਿਆਨ ਸਿੰਘ ਸ਼ਾਹਵਾਲਾ ਤੇ ਕੁਲਵਿੰਦਰ ਸਿੰਘ ਕਾਲਾ ਆਦਿ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 13 ਫਰਵਰੀ 2024 ਨੂੰ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੇ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਸੀ, ਪਰ ਹਰਿਆਣਾ ਦੀ ਬੀ. ਜੇ. ਪੀ. ਸਰਕਾਰ ਨੇ ਸਖ਼ਤ ਬੈਰੀਕੇਟਿੰਗ ਕਰਕੇ ਅਤੇ ਵੱਡੀ ਪੱਧਰ ਤੇ ਫੋਰਸਾਂ ਝੋਕ ਕੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ- ਹਰਿਆਣਾ ਦੀਆਂ ਸਰਹੱਦਾਂ ਸ਼ੰਭੂ ਤੇ ਖਨੌਰੀ ਵਿਖੇ ਰੋਕ ਲਿਆ ਸੀ, ਦੋ ਦਿਨ ਦੀ ਜੱਦੋਜਹਿਦ ਹੁੰਦੀ ਰਹੀ 21 ਫਰਵਰੀ ਨੂੰ ਦੁਬਾਰਾ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਿਨ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਐੱਮ. ਐੱਸ. ਪੀ. ਗਰੰਟੀ ਕਾਨੂੰਨ ਬਣਾਉਣ, ਕਰਜ਼ਾ ਮੁਆਫ਼ੀ, ਫਸਲਾਂ ਦਾ ਬੀਮਾ, ਹਰ 58 ਸਾਲ ਦੇ ਮਜ਼ਦੂਰ ਕਿਸਾਨ ਨੂੰ ਪੈਨਸ਼ਨ, ਨਰੇਗਾ ਕਾਨੂੰਨ ਤਹਿਤ 200 ਦਿਨ ਦੀ ਕੰਮ ਗਰੰਟੀ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਸਨ | ਸੂਬਾ ਪ੍ਰਧਾਨ ਨੇ ਭਾਰਤ-ਅਮਰੀਕਾ ਸਮਝੌਤੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਸਾਡੀ ਖੇਤੀਬਾੜੀ ਨੂੰ ਹੋਰ ਡੋਬਿਆ ਜਾ ਰਿਹਾ ਹੈ | ਸੂਬਾ ਪ੍ਰਧਾਨ ਆਗੂਆਂ ਨੂੰ ਕਿਸਾਨ-ਮਜ਼ਦੂਰ ਲਹਿਰ ਇਕਜੁੱਟ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਇਨ੍ਹਾਂ ਕਿਸਾਨ ਮਜ਼ਦੂਰ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ | ਇਸ ਸਮੇਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੋਹਣ ਸਿੰਘ ਢੰਡੀਆਂ, ਜਰਮਲ ਸਿੰਘ, ਜਸਵੀਰ ਸਿੰਘ ਮਨਸੂਰ ਵਾਲ, ਸੁਖਦੇਵ ਸਿੰਘ ਤਲਵੰਡੀ ਜੱਲੇ ਖਾਂ, ਬਚਿੱਤਰ ਸਿੰਘ ਢਿੱਲੋਂ ਆਦਿ ਕਿਸਾਨ- ਮਜ਼ਦੂਰ ਵੱਡੀ ਗਿਣਤੀ 'ਚ ਹਾਜ਼ਰ ਸਨ |