ਜ਼ੀਰਾ, 21 ਫਰਵਰੀ (ਰਜਨੀਸ਼ ਕਥੂਰੀਆ)-ਅਗਲੇ ਸਾਲ ਪੰਜਾਬ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਲਕਾ ਜ਼ੀਰਾ ਤੋਂ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ | ਇਹ ਪ੍ਰਗਟਾਵਾ ਸ਼ਹਿਰੀ ਕਾਂਗਰਸ ਪ੍ਰਧਾਨ ਹਰੀਸ਼ ਕੁਮਾਰ ਤਾਂਗਰਾ, ਸਾਬਕਾ ਚੇਅਰਮੈਨ ਕੁਲਬੀਰ ਸਿੰਘ ਟਿੰਮੀ ਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਡਾ. ਰਸ਼ਪਾਲ ਸਿੰਘ ਗਿੱਲ ਨੇ ਇਕ ਮੀਟਿੰਗ ਦੇ ਦੌਰਾਨ ਕੀਤਾ | ਇਨ੍ਹਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਲਕਾ ਜ਼ੀਰਾ 'ਚ ਕੁਲਬੀਰ ਸਿੰਘ ਜ਼ੀਰਾ ਦੀ ਲੋਕਪਿ੍ਯਤਾ ਦਾ ਗਰਾਫ਼ ਲਗਾਤਾਰ ਵਧ ਰਿਹਾ ਹੈ ਤੇ ਲੋਕਾਂ ਦਾ ਭਰੋਸਾ ਉਨ੍ਹਾਂ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਵਲੋਂ ਪਿਛਲੇ ਕਾਰਜਕਾਲ ਦੌਰਾਨ ਜ਼ੀਰਾ ਹਲਕੇ ਵਿਚ ਕੀਤੇ ਗਏ ਵਿਕਾਸ ਦੇ ਕੰਮ ਅੱਜ ਵੀ ਲੋਕਾਂ ਨੂੰ ਯਾਦ ਹਨ, ਜਿਸ ਕਰਕੇ ਹਲਕੇ ਦੇ ਵੋਟਰ ਇਕ ਵਾਰ ਫਿਰ ਕਾਂਗਰਸ ਪਾਰਟੀ ਨੂੰ ਮੌਕਾ ਦੇਣ ਲਈ ਤਿਆਰ ਹਨ | ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਜ਼ੀਰਾ ਹਲਕੇ 'ਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ | ਹਰੀਸ਼ ਕੁਮਾਰ ਤਾਂਗਰਾ, ਕੁਲਬੀਰ ਸਿੰਘ ਟਿੰਮੀ ਤੇ ਡਾ. ਰਸ਼ਪਾਲ ਸਿੰਘ ਗਿੱਲ ਨੇ ਹੋਰ ਕਿਹਾ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਕਾਂਗਰਸ ਦੀ ਪਕੜ ਮਜ਼ਬੂਤ ਹੋ ਰਹੀ ਹੈ | ਇਸ ਮੌਕੇ ਬਲਵਿੰਦਰ ਸਿੰਘ ਬੁੱਟਰ, ਗੁਰਭਗਤ ਸਿੰਘ ਗੋਰਾ ਗਿੱਲ, ਬਾਬਾ ਕਰਨੈਲ ਸਿੰਘ, ਪਰਮਿੰਦਰ ਸਿੰਘ ਲਾਡਾ ਜਨਰਲ ਸਕੱਤਰ ਯੂਥ ਕਾਂਗਰਸ, ਸੁਖਵੰਤ ਸਿੰਘ ਬੇਰੀ ਵਾਲਾ ਆਦਿ ਕਾਂਗਰਸੀ ਆਗੂ ਹਾਜ਼ਰ ਸਨ |