ਫਿਰੋਜ਼ਪੁਰ, 22 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਅੰਦਰ ਵਾਹਨਾਂ 'ਚ ਲੋਹੇ ਦੇ ਸਰੀਏ ਤੇ ਐਂਗਲਾਂ ਦੀ ਖ਼ਤਰਨਾਕ ਢੁਆਈ ਕੀਤੀ ਜਾ ਰਹੀ ਹੈ, ਜਿਸ ਨਾਲ ਹਾਦਸੇ ਵਾਪਰ ਸਕਦੇ ਹਨ | ਇਹ ਢੁਆਈ ਟ੍ਰੈਫ਼ਿਕ ਤੇ ਟਰਾਂਸਪੋਰਟ ਨਿਯਮਾਂ ਨੂੰ ਅੱਖੋਂ ਪਰੋਖੇ ਰੱਖ ਕੇ ਕੀਤੀ ਜਾ ਰਹੀ ਹੈ ਤੇ ਬਚਾਅ ਢੰਗਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਖੇਤਰ ਅੰਦਰ ਛੋਟੇ ਤੇ ਵੱਡੇ ਵਾਹਨਾਂ ਵਿਚ ਲੰਮੇ ਲੰਮੇ ਲੋਹੇ ਦੇ ਸਰੀਏ ਤੇ ਐਂਗਲਾਂ ਨੂੰ ਨਿਰਧਾਰਿਤ ਉਸਾਰੀ ਵਾਲੀਆਂ ਥਾਵਾਂ 'ਤੇ ਭੇਜਣ ਲਈ ਲੋਡ ਕੀਤਾ ਜਾਂਦਾ ਹੈ ਅਤੇ ਲੋਹੇ ਦੇ ਸਰੀਏ ਤੇ ਐਂਗਲਾਂ ਦੀ ਲੰਬਾਈ ਵਾਹਨ ਦੇ ਸਾਈਜ਼ ਨਾਲੋਂ ਵੱਡੀ ਹੋਣ ਕਰਕੇ ਇਹ ਵਾਹਨ ਤੋਂ ਬਾਹਰ ਲਮਕ ਜਾਂਦੇ ਹਨ, ਜਿਸ ਕਰਕੇ ਕਈ ਵਾਰ ਪਿੱਛੋ ਆ ਰਹੇ ਵਹੀਕਲ ਇਨ੍ਹਾਂ 'ਚ ਵੱਜ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ | ਇਥੇ ਦੱਸਣਯੋਗ ਹੈ ਕਿ ਵਾਹਨਾਂ ਤੋਂ ਬਾਹਰ ਲਮਕ ਰਹੇ ਇਹ ਸਰੀਏ ਆਦਿ ਉੱਪਰ ਟਰਾਂਸਪੋਰਟ ਨਿਯਮਾਂ ਅਨੁਸਾਰ ਲਾਲ ਕੱਪੜਾ ਤੇ ਰਾਤ ਸਮੇਂ ਲਾਲ ਲਾਈਟ ਵੀ ਨਹੀਂ ਲਗਾਈ ਜਾਂਦੀ ਹੈ ਜੋ ਕਿ ਸਭ ਤੋਂ ਵੱਧ ਖ਼ਤਰੇ ਦਾ ਕਾਰਨ ਬਣਦੀਆਂ ਹੈ | ਇਸ ਸੰਬੰਧੀ ਕੰਨਟੋਨਮੈਂਟ ਬੋਰਡ ਤੇ ਸਾਬਕਾ ਮੈਂਬਰ ਜੋਰਾ ਸਿੰਘ ਸੰਧੂ ਨੇ ਦੱਸਿਆ ਕਿ ਸੜਕਾਂ 'ਤੇ ਟਰੱਕ 'ਚ ਲੋਹੇ ਦੇ ਐਂਗਲ ਬਿਨਾਂ ਕਿਸੇ ਸੁਰੱਖਿਆ ਪ੍ਰਬੰਧਾਂ ਦੇ ਲੋਡ ਕਰਕੇ ਲਿਜਾਏ ਜਾਣ ਨਾਲ ਖ਼ੁਦ ਵਾਹਨ ਚਲਾ ਰਿਹਾ ਡਰਾਈਵਰ ਤੇ ਸੜਕ ਤੇ ਚੱਲ ਰਹੇ ਦੂਜੇ ਵਾਹਨ ਵੀ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ | ਜਿਸ ਕਰਕੇ ਟ੍ਰੈਫ਼ਿਕ ਵਿਭਾਗ ਤੇ ਟਰਾਂਸਪੋਰਟ ਵਿਭਾਗ ਉਕਤ ਡਰਾਈਵਰਾਂ ਨੂੰ ਸੈਮੀਨਾਰ ਅਤੇ ਹੋਰ ਕੈਂਪ ਲੱਗਾ ਕੇ ਜਾਗਰੂਕ ਕਰੇ |