ਸੰਗਰੂਰ, 22 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਪਿਛਲੇ ਦੋ ਮਹੀਨੇ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਚੱਲ ਰਹੇ ਪੱਕੇ ਮੋਰਚੇ 'ਤੇ ਬੇਰੁਜ਼ਗਾਰਾਂ ਨੇ ਸੰਘਰਸ਼ ਦੇ ਮੰਥਨ ਸਬੰਧੀ ਮੀਟਿੰਗ ਕੀਤੀ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਅਤੇ ਅਮਨ ਸੇਖਾ ਨੇ ਦੱਸਿਆ ਕਿ ਬੇਰੁਜ਼ਗਾਰਾਂ ਨੇ ਹੁਣ ਤੱਕ ਦੇ ਪੱਕੇ ਮੋਰਚੇ ਦੇ ਸੰਘਰਸ਼ ਦਾ ਲੇਖਾ ਜੋਖਾ ਕਰ ਕੇ ਆਉਂਦੇ ਦਿਨਾਂ ਵਿਚ ਸੰਘਰਸ਼ ਨੂੰ ਤਿੱਖਾ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ | ਆਗੂਆਂ ਨੇ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਜ਼ੁਬਾਨ ਬੰਦੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ ਜਿਸ ਬਦਲੇ ਪੰਜਾਬ ਵਾਸੀ ਸਬਕ ਸਿਖਾਉਣ ਲਈ ਤਿਆਰ ਹਨ | ਉਨ੍ਹਾਂ ਪਿਛਲੇ ਦਿਨੀਂ 18 ਫਰਵਰੀ ਨੂੰ ਸਿੱਖਿਆ ਸਕੱਤਰ ਸ੍ਰੀਮਤੀ ਸੋਨਾਲੀ ਗਿਰੀ ਨਾਲ ਹੋਈ ਮੀਟਿੰਗ ਦਾ ਹਵਾਲਾ ਦੇ ਕੇ ਮੰਗ ਕੀਤੀ ਕਿ ਸ੍ਰੀਮਤੀ ਗਿਰੀ ਆਪਣੇ ਵਾਅਦੇ ਅਨੁਸਾਰ ਅਗਲੀ ਮੀਟਿੰਗ ਜਲਦ ਕਰਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਾਅਦਾ ਖ਼ਿਲਾਫ਼ੀ ਹੋਈ ਤਾਂ ਉਹ ਜਲਦੀ ਆਪਣਾ ਪੱਕਾ ਮੋਰਚਾ ਮੁੱਖ ਮੰਤਰੀ ਦੀ ਕੋਠੀ ਅੱਗੇ ਲੈ ਕੇ ਜਾਣਗੇ | ਬੇਰੁਜ਼ਗਾਰ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਜ਼ਬਰ ਦੇ ਟਾਕਰੇ ਅਤੇ ਬੇਰੁਜ਼ਗਾਰਾਂ ਦੇ ਹਿਤਾਂ ਲਈ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਖ਼ਾਸ ਕਰਕੇ ਬੇਰੁਜ਼ਗਾਰ ਬੀ ਐਡ ਯੂਨੀਅਨ ਨੂੰ ਸਾਂਝੇ ਮੋਰਚੇ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ | ਪ੍ਰੰਤੂ ਉਕਤ ਯੂਨੀਅਨ ਨੇ ਅੱਜ ਦੇ ਦਿੱਤੇ ਸਮੇਂ ਅਨੁਸਾਰ ਸ਼ਮੂਲੀਅਤ ਨਹੀਂ ਕੀਤੀ | ਉਨ੍ਹਾਂ ਨੇ ਯੂਨੀਅਨ ਨੂੰ ਮੁੜ ਸੱਦਾ ਦਿੱਤਾ | ਬੇਰੁਜ਼ਗਾਰਾਂ ਨੇ ਕਿਹਾ ਕਿ ਮਾਸਟਰ ਕੇਡਰ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ, ਉਮਰ ਹੱਦ ਛੋਟ, ਮਾਸਟਰ ਕੇਡਰ ਵਿਚ ਥੋਪੀ 55 ਲਾਜ਼ਮੀ ਅੰਕਾਂ ਦੀ ਬੇਤੁਕੀ ਸ਼ਰਤ ਰੱਦ ਕਰਵਾਉਣ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਸਿਹਤ ਵਿਭਾਗ ਵਿਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ | ਇਸ ਮੌਕੇ ਗੁਰਪ੍ਰੀਤ ਸਿੰਘ ਪੱਕਾ ਕਲਾਂ, ਮਨਜੀਤ ਕੌਰ, ਅਮਨਦੀਪ ਕੌਰ, ਰਾਜਵੀਰ ਕੌਰ, ਸੁਖਪਾਲ ਖਾਨ, ਜਸਪਾਲ ਸਿੰਘ, ਹਰਵਿੰਦਰ ਸਿੰਘ ਬਠਿੰਡਾ ਆਦਿ ਹਾਜ਼ਰ ਸਨ |