ਗੁਰੂਹਰਸਹਾਏ, 22 ਫਰਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਇਲਾਕੇ ਦੇ ਨਜ਼ਦੀਕੀ ਪਿੰਡ ਮੋਹਨ ਕੇ ਉਤਾੜ ਵਿਖੇ ਇਕ ਹੋਰ ਦਰਦਨਾਕ ਸੜਕ ਹਾਦਸਾ ਵਾਪਰ ਗਿਆ | ਜਾਣਕਾਰੀ ਅਨੁਸਾਰ ਪਿੰਡ ਮੋਹਨ ਕੇ ਉਤਾੜ ਵਿਖੇ ਬਣੀ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਦੇ ਕੋਲ ਇਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖ਼ਤ ਵਿਚ ਜਾ ਵੱਜੀ | ਹਾਦਸੇ ਦੌਰਾਨ ਕਾਰ 'ਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਜ਼ਖ਼ਮੀਆਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਤੇ ਇਲਾਜ ਲਈ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ | ਇਸ ਮੌਕੇ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਅਚਾਨਕ ਹੀ ਕਾਰ ਬੇਕਾਬੂ ਹੋ ਕੇ ਦਰੱਖ਼ਤ ਵਿਚ ਜਾ ਵੱਜੀ | ਜਿਸ ਤੋਂ ਬਾਅਦ ਕਾਰ ਦੇ ਦੋਨੋਂ ਏਅਰ ਬੈਗ ਵੀ ਖੁੱਲ੍ਹ ਗਏ ਤੇ ਕਾਰ ਵਿਚ ਸਵਾਰ ਕੁੱਲ ਚਾਰ 'ਚੋਂ ਦੋ ਨੂੰ ਗੰਭੀਰ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਪਿੰਡ ਵਾਸੀਆਂ ਵਲੋਂ ਆਪਣੀ ਕਾਰ 'ਚ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਲਿਜਾਇਆ | ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ | ਓਧਰ ਇਸ ਕਾਰ 'ਚ ਸਵਾਰ ਵਿਅਕਤੀ ਕਿਥੋਂ ਦੇ ਰਹਿਣ ਵਾਲੇ ਸਨ ਹਾਲੇ ਤੱਕ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ |