ਜ਼ੀਰਾ, 23 ਫਰਵਰੀ (ਰਜਨੀਸ਼ ਕਥੂਰੀਆ)-'ਪੰਜਾਬ ਬਚਾਓ' ਮੁਹਿੰਮ ਦੇ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਫ਼ਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ 'ਚ ਯੂਥ ਅਕਾਲੀ ਦਲ ਵਲੋਂ ਉਨ੍ਹਾਂ ਦਾ ਮੱਲਵਾਲ ਕਦੀਮ ਤੋਂ ਫ਼ਿਰੋਜ਼ਪੁਰ ਤੱਕ ਮੋਟਰਸਾਈਕਲਾਂ 'ਤੇ ਰੋਡ ਸ਼ੋਅ ਦੇ ਨਾਲ ਸਵਾਗਤ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਐਡਵੋਕੇਟ ਚਿੱਤਬੀਰ ਸਿੰਘ ਸੰਧੂ ਤੇ ਯੂਥ ਅਕਾਲੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬੁਲਾਰੇ ਰਣਜੀਤ ਸਿੰਘ ਸ਼ਹਿਜ਼ਾਦਾ ਨੇ ਦੱਸਿਆ ਕਿ ਇਸ ਰੋਡ ਸ਼ੋਅ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤੇ ਇਸ ਵਿਚ ਸ਼ਾਮਿਲ ਹੋਣ ਲਈ ਯੂਥ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਐਡਵੋਕੇਟ ਚਿੱਤਬੀਰ ਸਿੰਘ ਸੰਧੂ ਤੇ ਰਣਜੀਤ ਸਿੰਘ ਸ਼ਹਿਜ਼ਾਦਾ ਨੇ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 'ਪੰਜਾਬ ਬਚਾਓ' ਮੁਹਿੰਮ ਦੇ ਤਹਿਤ ਕੀਤੀਆਂ ਜਾ ਰਹੀਆਂ ਇਨ੍ਹਾਂ ਹਲਕਾ ਵਾਈਜ਼ ਰੈਲੀਆਂ ਨੂੰ ਵੱਡੀ ਸਫਲਤਾ ਮਿਲ ਰਹੀ ਹੈ, ਜਿਸ ਦੇ ਨਾਲ ਪਾਰਟੀ ਦਾ ਗਰਾਫ਼ ਹੋਰ ਵੀ ਉੱਚਾ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਹੋਣ ਜਾ ਰਹੀ ਰੈਲੀ ਵਿਚ ਯੂਥ ਅਕਾਲੀ ਦਲ ਵੱਡੀ ਗਿਣਤੀ ਵਿਚ ਹਾਜ਼ਰੀ ਭਰੇਗਾ |