ਲੁਧਿਆਣਾ ਸਟੇਸ਼ਨ 'ਤੇ 'ਫੂਡ ਵੈਨ' ਸੇਵਾ ਦੀ ਸ਼ੁਰੂਆਤ
ਅਜੀਤ ਡੈਸਕ
26-02-2026
ਫ਼ਿਰੋਜ਼ਪੁਰ, 25 ਫਰਵਰੀ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਅਧੀਨ ਪੈਂਦੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਅੱਜ 'ਫੂਡ ਵੈਨ' ਸੇਵਾ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ | ਇਹ ਸਹੂਲਤ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਵਿਚ 'ਨਾਨ ਫੇਅਰ ਰੈਵੀਨਿਊ' ਦੇ ਤਹਿਤ ਅਨਰਿਜ਼ਰਵਡ ਟਿਕਟ ਦਫ਼ਤਰ ਦੇ ਨੇੜੇ ਸ਼ੁਰੂ ਕੀਤੀ ਗਈ ਹੈ | ਇਸ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਦੇ ਅੰਦਰ ਹੀ ਸਾਫ਼-ਸੁਥਰਾ, ਉੱਚ ਗੁਣਵੱਤਾ ਵਾਲਾ ਅਤੇ ਕਿਫ਼ਾਇਤੀ ਦਰਾਂ 'ਤੇ ਭੋਜਨ ਮੁਹੱਈਆ ਕਰਵਾਉਣਾ ਹੈ | ਇਸ ਫੂਡ ਵੈਨ ਰਾਹੀਂ ਮੁਸਾਫ਼ਰਾਂ ਨੂੰ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ, ਫਾਸਟ ਫੂਡ, ਜੂਸ, ਸੂਪ ਅਤੇ ਪੈਕ ਕੀਤੇ ਖਾਧ ਪਦਾਰਥ ਵਾਜਬ ਕੀਮਤਾਂ 'ਤੇ ਉਪਲਬਧ ਕਰਵਾਏ ਜਾ ਰਹੇ ਹਨ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਹੂਲਤ ਨਾਲ ਖ਼ਾਸ ਤੌਰ 'ਤੇ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਅਤੇ ਆਪਣੀ ਗੱਡੀ ਦੀ ਉਡੀਕ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ | ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀਆਂ ਸੇਵਾਵਾਂ ਦਾ ਵਿਸਥਾਰ ਹੋਰਨਾਂ ਰੇਲਵੇ ਸਟੇਸ਼ਨਾਂ 'ਤੇ ਵੀ ਕੀਤਾ ਜਾਵੇਗਾ |