ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ 16ਵਾਂ ਮਹਾਨ ਨਗਰ ਕੀਰਤਨ 28 ਫ਼ਰਵਰੀ ਨੂੰ ਸਵੇਰੇ 8 ਵਜੇ ਅਰਦਾਸ ਉਪਰੰਤ ਗੁਰਦੁਆਰਾ ਗੁਪਤਸਰ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਛੱਤਿਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਹੋਵੇਗਾ | ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਜਾ ਰਹੇ ਇਸ ਨਗਰ ਕੀਰਤਨ 'ਚ ਗੁਰਦੁਆਰਾ ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਗੁਰਦੁਆਰਾ ਪੰਜਾ ਸਾਹਿਬ ਦੇ ਦੁਨੀਆ ਦੇ ਸਭ ਤੋਂ ਵੱਡੇ ਮਾਡਲ ਬਣਾ ਕੇ ਵੱਡੇ-ਵੱਡੇ ਟਰੱਕ ਟਰਾਲਿਆਂ 'ਤੇ ਸਜਾ ਕੇ ਨਗਰ ਕੀਰਤਨ 'ਚ ਸ਼ਾਮਿਲ ਕੀਤੇ ਜਾਣਗੇ | ਸਿੱਖ ਇਤਿਹਾਸ ਨਾਲ ਸੰਬੰਧਿਤ ਵੱਡੀ ਪ੍ਰਦਰਸ਼ਨੀ ਵੀ ਸ਼ਾਮਿਲ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਨਗਰ ਕੀਰਤਨ ਦਾ ਮੁੱਖ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ ਤੇ ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸ੍ਰੀ ਮੁਕਤਸਰ ਸਾਹਿਬ ਦੇ 64 ਪਿੰਡਾਂ ਦੇ ਸਾਰੇ ਸਕੂਲਾਂ 'ਚ 13 ਹਜ਼ਾਰ ਬੱਚਿਆਂ ਦੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲਿਆਂ ਦੇ ਸੰਪੂਰਨ ਹੋਣ ਦੀ ਅਰਦਾਸ ਦੇ ਸੰਬੰਧ 'ਚ ਕਰਵਾਇਆ ਜਾ ਰਿਹਾ ਹੈ | ਪਹਿਲੇ ਦਿਨ ਰਾਤਰੀ ਵਿਸ਼ਰਾਮ ਗੁਰਦੁਆਰਾ ਦੋਦਾ ਤਾਲ ਪਾਤਿਸ਼ਾਹੀ ਦਸਵੀਂ ਗੁਰੂ ਕੀ ਢਾਬ ਜ਼ਿਲ੍ਹਾ ਫ਼ਰੀਦਕੋਟ, ਦੂਜੇ ਦਿਨ ਰਾਤਰੀ ਵਿਸ਼ਰਾਮ ਗੁਰਦੁਆਰਾ ਜਾਮਣੀ ਸਾਹਿਬ ਪਾਤਿਸ਼ਾਹੀ ਦਸਵੀਂ ਫ਼ਿਰੋਜ਼ਪੁਰ, ਤੀਜੇ ਦਿਨ 2 ਮਾਰਚ ਨੂੰ ਸਵੇਰੇ 7:30 ਸ਼ੁਰੂ ਹੋ ਕੇ ਰਾਤਰੀ ਵਿਸ਼ਰਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਚੌਥੇ ਦਿਨ 3 ਮਾਰਚ ਨੂੰ ਇਥੋਂ 7:30 ਵਜੇ ਆਰੰਭ ਹੋ ਕੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ, ਪੰਜਵੇਂ ਦਿਨ 4 ਮਾਰਚ ਨੂੰ ਸਵੇਰੇ 8:30 ਵਜੇ ਇਥੋਂ ਆਰੰਭ ਹੋ ਕੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਬਾਬਾ ਰਾਜਾ ਰਾਮ, ਛੇਵੇਂ ਦਿਨ 5 ਮਾਰਚ ਨੂੰ ਸਵੇਰੇ 7:30 ਵਜੇ ਇਥੋਂ ਆਰੰਭ ਹੋ ਕੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ 'ਚੋਂ ਹੁੰਦੇ ਹੋਏ ਰਾਤ ਦਾ ਵਿਸ਼ਰਾਮ ਗੁਰਦੁਆਰਾ ਪਾਤਿਸ਼ਾਹੀ ਪਹਿਲੀ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ, ਸੱਤਵੇਂ ਤੇ ਅਖ਼ੀਰਲੇ ਦਿਨ 6 ਮਾਰਚ ਨੂੰ ਸਵੇਰੇ 8:30 ਵਜੇ ਇਥੋਂ ਆਰੰਭ ਹੋ ਕੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਗੇਟ (ਸਰਹੱਦ) ਵਿਖੇ ਅਰਦਾਸ ਉਪਰੰਤ ਸੰਪੂਰਨ ਹੋਵੇਗਾ |