ਤਲਵੰਡੀ ਭਾਈ, 26 ਫਰਵਰੀ (ਰਵਿੰਦਰ ਸਿੰਘ ਬਜਾਜ)-ਸੀ. ਆਈ. ਐੱਸ. ਸੀ. ਈ. ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਸਿੱਧ ਸਿੱਖਿਆ ਸੰਸਥਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ 'ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਲਈ ਅਰਦਾਸ ਬੜੀ ਆਸਥਾ, ਭਾਵਨਾ ਤੇ ਸ਼ਰਧਾ ਨਾਲ ਕੀਤੀ ਗਈ | ਇਸ ਪਾਵਨ ਅਵਸਰ 'ਤੇ ਸਕੂਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਧਾਰਮਿਕ ਸਮਾਗਮ ਕਰਵਾਇਆ, ਜਿਸ ਨਾਲ ਸਾਰਾ ਮਾਹੌਲ ਅਧਿਆਤਮਿਕ ਰੰਗ 'ਚ ਰੰਗਿਆ ਹੋਇਆ ਦਿਖਾਈ ਦਿੱਤਾ | ਸਮਾਗਮ ਦੀ ਸ਼ੁਰੂਆਤ ਪਵਿੱਤਰ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ | ਹਾਜ਼ਰ ਸੰਗਤ ਨੇ ਬੜੀ ਨਿਮਰਤਾ ਨਾਲ ਪਾਠ ਸੁਣਿਆ ਤੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ | ਜਪੁਜੀ ਸਾਹਿਬ ਦੇ ਪਾਠ ਤੋਂ ਬਾਅਦ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਭਾਵਪੂਰਵਕ ਅਤੇ ਰੂਹਾਨੀ ਸ਼ਬਦ ਕੀਰਤਨ ਪੇਸ਼ ਕੀਤੇ ਗਏ | ਸ਼ਬਦ ਕੀਰਤਨ ਕਰਨ ਵਾਲੇ ਵਿਦਿਆਰਥੀਆਂ 'ਚ ਹਰਮਨਪ੍ਰੀਤ ਕੌਰ, ਗੁਰਨਾਜ ਕੌਰ, ਨਵਨੀਤ ਕੌਰ, ਸੁਖਮਨ ਕੌਰ, ਮਹਿਕਦੀਪ ਕੌਰ, ਗੁਰਨੀਤ ਕੌਰ, ਵਿਕਰਮਜੀਤ ਸਿੰਘ, ਉਦੈਵੀਰ ਸਿੰਘ ਤੇ ਇੰਦਰਪਾਲ ਸਿੰਘ ਆਦਿ ਸ਼ਾਮਿਲ ਸਨ | ਇਸ ਤੋਂ ਉਪਰੰਤ ਪਵਿੱਤਰ ਅਨੰਦ ਸਾਹਿਬ ਦੇ ਪਾਠ ਕੀਤੇ ਗਏ ਅਤੇ ਬੱਚਿਆਂ ਦੀ ਪੜ੍ਹਾਈ ਵਿਚ ਤਰੱਕੀ, ਉੱਚ ਆਦਰਸ਼ਾਂ ਦੀ ਪ੍ਰਾਪਤੀ ਅਤੇ ਆਉਣ ਵਾਲੇ ਸੈਸ਼ਨ ਦੀ ਕਾਮਯਾਬੀ ਲਈ ਵਿਸ਼ੇਸ਼ ਅਰਦਾਸ ਕੀਤੀ ਗਈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ, ਸਕੂਲ ਪੈ੍ਰਜ਼ੀਡੈਂਟ ਸੁਖਮਿੰਦਰ ਕੌਰ ਸੋਢੀ, ਸਕੂਲ ਪਿ੍ੰਸੀਪਲ ਵਿਜੇ ਸਕਲਾਨੀ, ਸਮੂਹ ਸਟਾਫ਼ ਮੈਂਬਰ, ਸਾਰੇ ਡਰਾਈਵਰ ਸਾਹਿਬਾਨ, ਸਕੂਲ ਦੇ ਸਮੂਹ ਵਿਦਿਆਰਥੀ ਤੇ ਹੋਰ ਸਾਰੇ ਕਰਮਚਾਰੀ ਹਾਜ਼ਰ ਸਨ | ਇਹ ਧਾਰਮਿਕ ਸਮਾਗਮ ਵਿਦਿਆਰਥੀਆਂ ਲਈ ਸਿਰਫ਼ ਅਧਿਆਤਮਿਕ ਪੇ੍ਰਰਨਾ ਦਾ ਸਰੋਤ ਹੀ ਨਹੀਂ ਬਣਿਆ, ਸਗੋਂ ਉਨ੍ਹਾਂ ਨੂੰ ਸਚਾਈ, ਨਿਮਰਤਾ ਤੇ ਅਨੁਸ਼ਾਸਨ ਵਾਲੀ ਜ਼ਿੰਦਗੀ ਜਿਉਣ ਦਾ ਸੰਦੇਸ਼ ਵੀ ਦੇ ਗਿਆ | ਅਖੀਰ 'ਚ ਸਮੂਹ ਸਕੂਲ ਪਰਿਵਾਰ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਨਵਾਂ ਸੈਸ਼ਨ ਸਾਰਿਆਂ ਲਈ ਖ਼ੁਸ਼ਹਾਲੀ, ਤਰੱਕੀ ਅਤੇ ਚੜ੍ਹਦੀ ਕਲਾ ਲਿਆਵੇ |