ਫ਼ਿਰੋਜ਼ਪੁਰ, 26 ਫਰਵਰੀ (ਕੁਲਬੀਰ ਸਿੰਘ ਸੋਢੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਅਵਤਾਰ ਸਿੰਘ ਮਹਿਮਾ ਵਲੋਂ ਪੈੱ੍ਰਸ ਨੋਟ ਤੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਸੂਬਾ ਸਰਕਾਰ ਵਲੋਂ ਲਗਾਤਾਰ ਸਰਕਾਰ ਤੇ ਵਿਧਾਇਕਾਂ ਨੂੰ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਪਹਿਲਾ ਵੀ ਪੰਜਾਬ ਦੇ ਕਈ ਸੀਨੀਅਰ ਪੱਤਰਕਾਰਾਂ 'ਤੇ ਮੁਕੱਦਮੇ ਦਰਜ ਕੀਤੇ ਗਏ ਹਨ ਤੇ ਸੂਬਾ ਸਰਕਾਰ ਨੇ ਲੜੀ ਨੂੰ ਅੱਗੇ ਤੋਰਦਿਆਂ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਦੀ ਸ਼ਿਕਾਇਤ 'ਤੇ ਫ਼ਿਰੋਜ਼ਪੁਰ ਦੇ ਨੌਜਵਾਨ ਪੱਤਰਕਾਰ ਸੁਖਵਿੰਦਰ ਸੁੱਖ ਨੂੰ ਵਿਧਾਨ ਸਭਾ ਸਕੱਤਰੇਤ ਵਲੋਂ ਤਲਬ ਕੀਤਾ ਗਿਆ ਹੈ, ਜੋ ਅਤਿ ਮੰਦਭਾਗਾ ਹੈ | ਸੂਬਾ ਪੈੱ੍ਰਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਸਰਕਾਰ ਦੀ ਘਟੀਆ ਕਾਰਵਾਈ ਕਹਿੰਦੇ ਹੋਏ ਕਿਹਾ ਕਿ ਲੋਕਾਂ ਦੇ ਮੁੱਦੇ ਚੁੱਕਣ ਤੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੋਕਾਂ ਅੱਗੇ ਪੇਸ਼ ਕਰਨ ਜੁਝਾਰੂ ਪੱਤਰਕਾਰਾਂ ਤੇ ਰਿਪੋਟਰਾਂ ਦੀ ਆਵਾਜ਼ ਨੂੰ ਕਦੇ ਵੀ ਦੱਬਣ ਨਹੀਂ ਦਿੱਤਾ ਜਾਵੇਗਾ |