ਫ਼ਿਰੋਜ਼ਪੁਰ, 27 ਫਰਵਰੀ (ਗੁਰਿੰਦਰ ਸਿੰਘ)-ਜੈਨੇਸਿਸ ਡੈਂਟਲ ਕਾਲਜ ਤੇ ਹਸਪਤਾਲ ਫ਼ਿਰੋਜ਼ਪੁਰ ਵਲੋਂ ਸ਼ਹਿਰ ਦੇ ਲੋਹਾਰਾ ਵਾਲਾ ਮੁਹੱਲਾ 'ਚ ਮੁਫ਼ਤ ਡੈਂਟਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ | ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਦੰਦਾਂ ਦੀ ਸਿਹਤ ਬਾਰੇ ਜਾਗਰੂਕ ਕਰਨਾ ਅਤੇ ਸ਼ੁਰੂਆਤੀ ਪੜਾਅ ਵਿਚ ਹੀ ਦੰਦਾਂ ਨਾਲ ਸੰਬੰਧਿਤ ਸਮੱਸਿਆਵਾਂ ਦੀ ਪਛਾਣ ਕਰਕੇ ਉਚਿਤ ਸਲਾਹ ਦੇਣਾ ਸੀ | ਕੈਂਪ ਦੌਰਾਨ ਡਾ. ਸੁਵੰਸ਼ ਗੁਪਤਾ ਤੇ ਡਾ. ਰਾਹੁਲ ਯਾਦਵ ਨੇ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਦੇ ਦੰਦਾਂ ਦੀ ਜਾਂਚ ਕੀਤੀ | ਉਨ੍ਹਾਂ ਮਰੀਜ਼ਾਂ ਨੂੰ ਦੰਦਾਂ ਦੀ ਨਿਯਮਿਤ ਸਫ਼ਾਈ, ਸਹੀ ਬ੍ਰਸ਼ਿੰਗ ਤਰੀਕੇ, ਮਿੱਠੇ ਖਾਦ ਪਦਾਰਥਾਂ ਦੇ ਸੀਮਿਤ ਸੇਵਨ ਤੇ ਸਮੇਂ-ਸਮੇਂ 'ਤੇ ਡੈਂਟਲ ਜਾਂਚ ਕਰਵਾਉਣ ਬਾਰੇ ਜਾਣਕਾਰੀ ਦਿੱਤੀ | ਡਾ. ਸੁਵੰਸ਼ ਗੁਪਤਾ ਨੇ ਕਿਹਾ ਕਿ ਅਕਸਰ ਲੋਕ ਦੰਦਾਂ ਦੀ ਸਮੱਸਿਆ ਵਧਣ ਤੋਂ ਬਾਅਦ ਹੀ ਡਾ. ਕੋਲ ਜਾਂਦੇ ਹਨ, ਜਦਕਿ ਨਿਯਮਿਤ ਜਾਂਚ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਤੰਦਰੁਸਤ ਦੰਦ ਚੰਗੀ ਸਿਹਤ ਦੀ ਮਜ਼ਬੂਤ ਬੁਨਿਆਦ ਹਨ | ਡਾ. ਰਾਹੁਲ ਯਾਦਵ ਨੇ ਦੱਸਿਆ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਖ਼ਾਸ ਤੌਰ 'ਤੇ ਮੌਖਿਕ ਸਫ਼ਾਈ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਦਿਨ ਵਿਚ ਘੱਟੋ-ਘੱਟ ਦੋ ਵਾਰ ਬ੍ਰਸ਼ ਕਰਨਾ ਲਾਜ਼ਮੀ ਹੈ | ਇਸ ਮੌਕੇ ਕਾਲਜ ਦੇ ਪੀ. ਆਰ. ਓ. ਰਣਜੀਤ ਸਿੰਘ ਤੇ ਮਨਜੀਤ ਸਿੰਘ ਵਲੋਂ ਇਲਾਕਾ ਵਾਸੀਆਂ ਨੂੰ ਟੂਥਪੇਸਟ ਅਤੇ ਬ੍ਰਸ਼ ਵੰਡੇ ਗਏ ਅਤੇ ਮੌਖਿਕ ਸਫ਼ਾਈ ਦੇ ਮਹੱਤਵ ਬਾਰੇ ਜਾਗਰੂਕ ਕੀਤਾ | ਸਥਾਨਕ ਲੋਕਾਂ ਨੇ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਿਹੇ ਸਿਹਤ ਕੈਂਪ ਸਮਾਜ ਲਈ ਬਹੁਤ ਲਾਭਦਾਇਕ ਹਨ | ਆਯੋਜਕਾਂ ਨੇ ਦੱਸਿਆ ਕਿ ਭਵਿੱਖ 'ਚ ਵੀ ਜਨਹਿਤ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਖੇਤਰਾਂ ਵਿਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾਂਦੇ ਰਹਿਣਗੇ |