ਫਿਰੋਜ਼ਪੁਰ, 10 ਮਾਰਚ (ਸੁਖਵਿੰਦਰ ਸਿੰਘ)-ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਇਕ ਹਵਾਲਾਤੀ ਕੋਲੋਂ ਮੋਬਾਈਲ ਫੋਨ ਅਤੇ ਨਸ਼ੀਲਾ ਪਦਾਰਥ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਨੇ ਪ੍ਰੀਜ਼ਨ ਐਕਟ ਦੀ ਧਾਰਾ 52 ਅਧੀਨ ਮੁਕੱਦਮਾ ਦਰਜ ਕੀਤਾ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਪੱਤਰ ਨੰਬਰ 1600 ਵਿਚ ਲਿਖਿਆ ਹੈ ਕਿ ਗੁਰਿੰਦਰ ਪਾਲ ਸਿੰਘ, ਡਿਪਟੀ ਸੁਪਰਡੈਂਟ ਸਿਕਿਉਰਟੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਜਾਣਕਾਰੀ ਦਿੱਤੀ ਕਿ 4 ਮਾਰਚ ਨੂੰ ਸਵੇਰੇ ਕਰੀਬ 9.40 ਵਜੇ ਹਵਾਲਾਤੀ ਵਿਕਰਮਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਕੋਹਲੀ, ਥਾਣਾ ਲੋਪੋਕੇ, ਜ਼ਿਲ੍ਹਾ ਅੰਮਿ੍ਤਸਰ ਦੀ ਤਲਾਸ਼ੀ ਲਈ ਗਈ | ਤਲਾਸ਼ੀ ਦੌਰਾਨ ਉਸ ਦੀ ਪਹਿਨੀ ਹੋਈ ਲੋਅਰ ਦੀ ਸੱਜੀ ਜੇਬ ਵਿਚੋਂ ਇਕ ਟੱਚ ਸਕਰੀਨ ਮੋਬਾਈਲ ਫੋਨ ਕੰਪਨੀ ਵੀਵੋ ਰੰਗ ਡਾਰਕ ਗਰੇਅ ਬਿਨਾਂ ਸਿਮ ਬਰਾਮਦ ਹੋਇਆ ਜਦਕਿ ਖੱਬੀ ਜੇਬ ਵਿਚੋਂ 26 ਗਰਾਮ ਚਿੱਟੇ ਰੰਗ ਦਾ ਨਸ਼ੀਲਾ ਜਾਪਦਾ ਪਾਊਡਰ ਮਿਲਿਆ | ਇਸ ਸਬੰਧੀ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ 'ਤੇ ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਨੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |