ਫ਼ਿਰੋਜ਼ਪੁਰ, 10 ਮਾਰਚ (ਦਵਿੰਦਰ ਪਾਲ ਸਿੰਘ)-ਅਸੀਸਪ੍ਰੀਤ ਸਿੰਘ ਸਾਈਾਆਵਾਲਾ ਦੀ ਰਹਿਨੁਮਾਈ ਹੇਠ ਚੱਲ ਰਹੇ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜਪੁਰ ਵਲੋਂ ਦਹੇਜ ਪ੍ਰਥਾ ਬਾਰੇ ਕਾਨੂੰਨੀ ਜਾਗਰੂਕਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜਪੁਰ ਵਲੋਂ ਪੈਨਲ ਐਡਵੋਕੇਟ ਮਿਸ. ਨੇਹਾ ਨੇ ਆਪਣੇ ਭਾਸ਼ਣ ਰਾਹੀਂ ਵਿਸਤਰਿਤ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਦਹੇਜ ਪ੍ਰਥਾ ਦੇ ਪਿੱਛੇ ਕਿਹੜੇ ਕਿਹੜੇ ਕਾਰਨ ਕਾਰਜਸ਼ੀਲ ਹਨ ਅਤੇ ਇਸ ਦੇ ਕੀ ਮਾੜੇ ਪ੍ਰਭਾਵ ਨਿਕਲਦੇ ਹਨ | ਉਹਨਾਂ ਨੇ ਆਪਣੇ ਵਿਸ਼ੇ ਵਿਚ ਮੁਹਾਰਤ ਅਨੁਸਾਰ ਉਹਨਾਂ ਸਾਰੀਆਂ ਕਾਨੂੰਨੀ ਧਰਾਵਾਂ ਬਾਰੇ ਵਿਸਤਰਿਤ ਜਾਣਕਾਰੀ ਦਿੱਤੀ | ਜਿਨ੍ਹਾਂ ਰਾਹੀਂ ਇਸ ਅਲਾਮਤ ਨੂੰ ਨੱਥ ਪਾਈ ਜਾ ਸਕਦੀ ਹੈ, ਨਾਲ ਹੀ ਉਹਨਾਂ ਨੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਇਸ ਬਿਮਾਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਅੱਗੇ ਆਉਣ | ਅੰਤ ਵਿਚ ਕਾਲਜ ਦੇ ਪਿ੍ੰਸੀਪਲ ਪ੍ਰੋ. ਇੰਦਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਨੌਜਵਾਨ ਵਰਗ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਆਪਣੇ ਭਵਿੱਖ ਨੂੰ ਉੱਜਵਲ ਬਣਾਉਣ ਦਾ ਸੁਨੇਹਾ ਦਿੱਤਾ ਕਿਉਂਕਿ ਜੇਕਰ ਸਾਰੇ ਨੌਜਵਾਨ ਆਪਣੇ ਪੈਰਾਂ 'ਤੇ ਖੜੇ ਹੋਣਗੇ ਤਾਂ ਸਮਾਜ ਵਿਚੋਂ ਬੁਰੀਆਂ ਅਲਾਮਤਾਂ ਦਾ ਨਿਪਟਾਰਾ ਆਪਣੇ ਆਪ ਹੀ ਹੋ ਜਾਵੇਗਾ | ਇਸ ਸੈਮੀਨਾਰ ਦੌਰਾਨ ਪਿ੍ੰਸੀਪਲ ਸਾਹਿਬ ਤੋਂ ਇਲਾਵਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਸੰਘਾ, ਡਾਇਰੈਕਟਰ ਪ੍ਰੋ. ਸਤੀਸ਼ ਗੁਪਤਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |