ਫਿਰੋਜ਼ਪੁਰ, 10 ਮਾਰਚ (ਰਾਕੇਸ਼ ਚਾਵਲਾ)-ਰੇਲਵੇ ਦੇ ਟਿਕਟ ਚੈਕਿੰਗ ਸਟਾਫ ਵਲੋਂ ਦਿਖਾਈ ਗਈ ਇਨਸਾਨੀਅਤ ਅਤੇ ਮੁਸਤੈਦੀ ਸਦਕਾ ਇਕ ਬਿਮਾਰ ਯਾਤਰੀ ਨੂੰ ਸਮੇਂ ਸਿਰ ਇਲਾਜ ਮਿਲਣ ਨਾਲ ਉਸ ਦੀ ਜਾਨ ਬਚਾਈ ਗਈ | ਜਾਣਕਾਰੀ ਅਨੁਸਾਰ 9 ਮਾਰਚ 2026 ਨੂੰ ਰੇਲ ਗੱਡੀ ਨੰਬਰ 14621 ਸਪਤਾਹਿਕ ਐਕਸਪੈੱ੍ਰਸ ਦੇ ਕੋਚ 12 ਵਿਚ ਇਕ ਯਾਤਰੀ ਦਿੱਲੀ ਸਰਾਏ ਰੋਹਿਲਾ ਤੋਂ ਫਿਰੋਜ਼ਪੁਰ ਕੈਂਟ ਵੱਲ ਜਾ ਰਿਹਾ ਸੀ ਕਿ ਅਚਾਨਕ ਉਸ ਦੀ ਸਿਹਤ ਵਿਗੜ ਗਈ | ਡਿਊਟੀ 'ਤੇ ਤੈਨਾਤ ਟਿਕਟ ਚੈਕਿੰਗ ਸਟਾਫ ਦਯਾਨੰਦ ਨੇ ਤੁਰੰਤ ਵਪਾਰਕ ਕੰਟਰੋਲ ਰੂਮ ਦਿੱਲੀ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਰੋਹਤਕ ਸਟੇਸ਼ਨ 'ਤੇ ਡਾਕਟਰੀ ਟੀਮ ਨੂੰ ਤਿਆਰ ਰੱਖਿਆ ਗਿਆ | ਜਿਵੇਂ ਹੀ ਰੇਲਗੱਡੀ ਸਟੇਸ਼ਨ 'ਤੇ ਪਹੁੰਚੀ, ਮਾਹਿਰਾਂ ਦੀ ਟੀਮ ਨੇ ਯਾਤਰੀ ਦੀ ਜਾਂਚ ਕੀਤੀ ਅਤੇ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ | ਸਮੇਂ ਸਿਰ ਮਿਲੇ ਇਲਾਜ ਤੋਂ ਬਾਅਦ ਯਾਤਰੀ ਨੇ ਰਾਹਤ ਮਹਿਸੂਸ ਕੀਤੀ ਅਤੇ ਰੇਲਵੇ ਪ੍ਰਸ਼ਾਸਨ ਤੇ ਸਟਾਫ ਦਾ ਦਿਲੋਂ ਧੰਨਵਾਦ ਕੀਤਾ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਮੈਨੇਜਰ ਨੇ ਦੱਸਿਆ ਕਿ ਦਯਾਨੰਦ ਵਲੋਂ ਦਿਖਾਈ ਗਈ ਸੂਝ-ਬੂਝ ਅਤੇ ਤੁਰੰਤ ਕਾਰਵਾਈ ਰੇਲਵੇ ਕਰਮਚਾਰੀਆਂ ਦੀ ਡਿਊਟੀ ਪ੍ਰਤੀ ਸਮਰਪਣ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਇਕ ਉੱਤਮ ਮਿਸਾਲ ਹੈ | ਸੀਨੀਅਰ ਅਧਿਕਾਰੀ ਸੈਣੀ ਨੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਰਮਚਾਰੀ ਰੇਲਵੇ ਦਾ ਮਾਣ ਹਨ ਜੋ ਮੁਸਾਫ਼ਰਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਹਮੇਸ਼ਾ ਤਤਪਰ ਰਹਿੰਦੇ ਹਨ |