ਫਿਰੋਜ਼ਪੁਰ, 10 ਮਾਰਚ (ਗੁਰਿੰਦਰ ਸਿੰਘ)-ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪ੍ਰਾਸ਼ਰ ਦੀ ਅਗਵਾਈ ਹੇਠ ਜ਼ਿਲੇ੍ਹ ਵਿਚ ਚੱਲ ਰਹੇ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਐੱਚ.ਪੀ.ਵੀ ਵੈਕਸੀਨ ਪ੍ਰੋਗਰਾਮਾਂ ਦੀ ਪ੍ਰਗਤੀ ਸੰਬੰਧੀ ਸਮੀਖਿਆ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਿਪਟੀ ਮੈਡੀਕਲ ਕਮਿਸ਼ਨਰ, ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ, ਮਾਸ ਮੀਡੀਆ ਬਰਾਂਚ ਦੇ ਅਧਿਕਾਰੀਆਂ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰਾਂ ਨੇ ਭਾਗ ਲਿਆ | ਸਿਵਲ ਸਰਜਨ ਡਾ: ਰਾਜੀਵ ਪ੍ਰਾਸ਼ਰ ਨੇ ਚੱਲ ਰਹੀਆਂ ਸਿਹਤ ਯੋਜਨਾਵਾਂ ਸੰਬੰਧੀ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਐੱਚ.ਪੀ.ਵੀ ਵੈਕਸੀਨ ਸੰਬੰਧੀ ਲੋਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ | 14 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਅਤੀ ਜ਼ਰੂਰੀ ਐੱਚ.ਪੀ.ਵੀ (ਬੱਚੇਦਾਣੀ ਦੇ ਮੂੰਹ ਦੇ ਕੈਂਸਰ) ਤੋਂ ਬਚਾਓ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ | ਪ੍ਰਾਈਵੇਟ ਖੇਤਰ ਵਿਚ ਇਹ ਐੱਚ.ਪੀ.ਵੀ ਟੀਕਾ ਕਰੀਬ ਤਿੰਨ ਤੋਂ ਚਾਰ ਹਜਾਰ ਰੁਪਏ ਦਾ ਲੱਗਦਾ ਹੈ, ਪਰ ਸਿਹਤ ਵਿਭਾਗ ਵਲੋਂ ਇਹ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ | ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਹੇਠ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਖੇ ਕਾਫ਼ੀ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਆਪਣਾ ਮੁਫ਼ਤ ਇਲਾਜ਼ ਕਰਾ ਕੇ ਇਸ ਯੋਜਨਾ ਦਾ ਪੂਰਾ ਫ਼ਾਇਦਾ ਲਿਆ ਜਾ ਰਿਹਾ ਹੈ | ਜਿੰਨਾ ਵਸਨੀਕਾਂ ਦੇ ਹਾਲੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਨਹੀਂ ਬਣੇ ਉਹ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਨੇੜਲੇ ਕਾਮਨ ਸਰਵਿਸ ਸੈਂਟਰਾਂ ਅਤੇ ਸਰਕਾਰੀ ਹਸਪਤਾਲ ਵਿਖੇ ਆਪਣਾ ਕਾਰਡ ਬਣਾ ਸਕਦੇ ਹਨ |