19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਫ਼ਿਰੋਜ਼ਪੁਰ ਵਿਚ ਡੇਂਗੂ ਦੀ ਦਸਤਕ, ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ

Ad Position 21
No active advertisement
ਅਜੀਤ ਡੈਸਕ 12-03-2026
ਫ਼ਿਰੋਜ਼ਪੁਰ, 11 ਮਾਰਚ(ਗੁਰਿੰਦਰ ਸਿੰਘ)-ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਵਿਚ ਮੌਸਮ ਵਿਚ ਅਚਾਨਕ ਆਏ ਤੇਜ਼ ਬਦਲਾਅ ਅਤੇ ਵਧਦੀ ਤਪਸ਼ ਦੇ ਮੱਦੇਨਜ਼ਰ ਡੇਂਗੂ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ | ਉਸ ਵੇਲੇ ਸਿਹਤ ਵਿਭਾਗ ਵਲੋਂ ਇਸ ਦੀ ਰੋਕਥਾਮ ਲਈ ਹਾਲੇ ਤੱਕ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਡੇਂਗੂ ਦੇ ਮਰੀਜ਼ ਦਾਖਲ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਇਨ੍ਹਾਂ ਮਾਮਲਿਆਂ ਨੇ ਸ਼ਹਿਰ ਦੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਸਿਰਫ਼ ਸਿਵਲ ਹਸਪਤਾਲ ਹੀ ਨਹੀਂ, ਸਗੋਂ ਸ਼ਹਿਰ ਦੇ ਕਈ ਨਿੱਜੀ ਹਸਪਤਾਲਾਂ ਵਿਚ ਵੀ ਡੇਂਗੂ ਦੇ ਮਰੀਜ਼ਾਂ ਦੇ ਆਉਣ ਦੀ ਖ਼ਬਰ ਹੈ | ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਸਿਹਤ ਵਿਭਾਗ ਦੇ ਮਲੇਰੀਆ ਵਿੰਗ ਵਿਚ ਸਟਾਫ ਦੀ ਵੱਡੀ ਘਾਟ ਹੈ | ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲਾ ਸਟਾਫ ਹੀ ਕਾਫ਼ੀ ਨਹੀਂ ਹੈ | ਫੋਗਿੰਗ, ਘਰ-ਘਰ ਸਰਵੇ ਅਤੇ ਲਾਰਵਾ ਨਸ਼ਟ ਕਰਨ ਵਰਗੀਆਂ ਕਾਰਵਾਈਆਂ ਲਈ ਜ਼ਰੂਰੀ ਟੀਮਾਂ ਦੀ ਕਮੀ ਕਾਰਨ ਵਿਭਾਗ ਦੀਆਂ ਤਿਆਰੀਆਂ 'ਤੇ ਸਵਾਲ ਖੜੇ ਹੋ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਪਰ ਇਸ ਵਾਰ ਮੌਸਮ ਵਿਚ ਜਲਦੀ ਆਈ ਤਪਸ਼ ਦੇ ਬਾਵਜੂਦ ਅਜੇ ਤੱਕ ਨਾ ਤਾਂ ਫੋਗਿੰਗ ਹੋ ਰਹੀ ਹੈ ਅਤੇ ਨਾ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਖ਼ਾਸ ਕਦਮ ਚੁੱਕੇ ਗਏ ਹਨ | ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਲਾਰਵਾ ਨਸ਼ਟ ਕਰਨ ਅਤੇ ਸਫ਼ਾਈ ਮੁਹਿੰਮਾਂ ਨੂੰ ਤੇਜ਼ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਡੇਂਗੂ ਦੇ ਮਾਮਲੇ ਹੋਰ ਵਧ ਸਕਦੇ ਹਨ | ਸ਼ਹਿਰ ਵਿਚ ਕਈ ਥਾਵਾਂ 'ਤੇ ਖੜ੍ਹਾ ਪਾਣੀ ਅਤੇ ਗੰਦਗੀ ਵੀ ਮੱਛਰਾਂ ਦੇ ਪੈਦਾ ਹੋਣ ਲਈ ਉਚਿੱਤ ਮਾਹੌਲ ਬਣਾਉਂਦੀ ਹੈ | ਇਸ ਸਬੰਧੀ ਜ਼ਿਲ੍ਹਾ ਮਲੇਰੀਆ ਅਫਸਰ ਡਾ. ਸ਼ਮਿੰਦਰ ਪਾਲ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਮੌਸਮ ਵਿਚ ਆਈ ਵੱਡੀ ਤਬਦੀਲੀ ਕਾਰਨ ਇਹ ਕੇਸ ਆਏ ਹਨ | ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਸਿਰਫ਼ ਦੋ ਕੇਸਾਂ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਕੁਝ ਸ਼ੱਕੀ ਕੇਸ ਵੀ ਸਾਹਮਣੇ ਆਏ ਹਨ, ਪਰ ਜਿੰਨਾਂ ਚਿਰ ਪੁਸ਼ਟੀ ਨਹੀਂ ਹੁੰਦੀ ਉਨਾਂ ਚਿਰ ਕੁਝ ਨਹੀਂ ਕਿਹਾ ਜਾ ਸਕਦਾ | ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਕੋਈ ਸੂਚਨਾ ਨਹੀਂ ਹੈ | ਵਿਭਾਗ ਵਲੋਂ ਕੀਤੀ ਕਾਰਵਾਈ ਬਾਰੇ ਜ਼ਿਲ੍ਹਾ ਮਲੇਰੀਆ ਅਫਸਰ ਨੇ ਕਿਹਾ ਕਿ ਮਲੇਰੀਆ ਸਟਾਫ਼ ਘਰ ਘਰ ਪਹੁੰਚ ਕਰ ਰਿਹਾ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਬਚਾਅ ਕਾਰਜਾਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਟਿਕਟ ਚੈਕਿੰਗ ਸਟਾਫ ਦੀ ਚੌਕਸੀ ਸਦਕਾ ਯਾਤਰੀ ਦਾ ਗੁਆਚਿਆ ਬੈਗ ਵਾਪਸ ਮਿਲਿਆ ਅਗਲੀ ਖ਼ਬਰ ਛੱਤਾਂ 'ਤੋਂ ਘਰਾਂ ਵਿਚ ਪੁੱਜੇ ਚੋਰ, ਦੋ ਘਰਾਂ ਨੂੰ ਬਣਾਇਆ ਨਿਸ਼ਾਨਾ
Ad Position 24