ਫ਼ਿਰੋਜ਼ਸ਼ਾਹ-ਭਾਵੇਂ ਹਰ ਇਨਸਾਨ ਨੇ ਇਕ ਨਾ ਇਕ ਦਿਨ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਹੀ ਜਾਣਾ ਹੈ ਪਰ ਕਈ ਸ਼ਖ਼ਸ ਆਪਣੇ ਖੁੱਲੇ੍ਹ ਡੁੱਲੇ੍ਹ ਸੁਭਾਅ ਕਾਰਨ ਹਰ ਇਕ ਨਾਲ ਘੁਲ ਮਿਲ ਜਾਂਦੇ ਹਨ ਜੋ ਜ਼ਿੰਦਗੀ ਨੂੰ ਅਲਵਿਦਾ ਕਹਿਣ ਦੇ ਬਾਵਜੂਦ ਲੋਕ ਮਨਾ 'ਚ ਵੱਸਦੇ ਰਹਿੰਦੇ ਹਨ | ਅਜਿਹੇ ਹੀ ਸੁਭਾਅ ਦੇ ਮਾਲਕ ਸਨ ਸ਼ੇਰ ਸਿੰਘ ਸੰਧੂ ਸਰਪੰਚ ਬਸਤੀ ਭਾਗ ਸਿੰਘ ਵਾਲੇ | 84 ਸਾਲ ਪਹਿਲਾਂ ਮਾਤਾ ਮੁਖ਼ਤਿਆਰ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਗ੍ਰਹਿ ਜਨਮੇ ਸ਼ੇਰ ਸਿੰਘ ਬਚਪਨ ਤੋਂ ਹੀ ਖੁੱਲੇ੍ਹ ਸੁਭਾਅ ਦੇ ਮਾਲਕ ਸਨ | ਆਪ ਨੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਤਰਜੀਹ ਦਿੰਦਿਆਂ ਖੇਤੀ 'ਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਅਤੇ ਰਾਜਨੀਤੀ ਚ ਦਿਲਚਸਪੀ ਰੱਖਦਿਆਂ ਪੰਜ ਸਾਲ ਪਿੰਡ ਮੱਲਵਾਲ ਕਦੀਮ ਦੀ ਸਰਪੰਚੀ ਕਰਦਿਆਂ ਲੋਕ ਸੇਵਾ ਕੀਤੀ | ਆਪ ਦਾ ਵਿਆਹ ਪਿੰਡ ਹਰਾਜ ਵਾਸੀ ਆਤਮਾ ਸਿੰਘ ਦੀ ਸਪੁੱਤਰੀ ਸੁਰਿੰਦਰ ਕੌਰ ਨਾਲ ਹੋਇਆ | ਆਪ ਦੇ ਘਰ ਦੋ ਸਪੁੱਤਰਾਂ ਰਵਿੰਦਰ ਸਿੰਘ, ਗੁਰਬੀਰ ਸਿੰਘ ਅਤੇ ਦੋ ਸਪੁੱਤਰੀਆਂ ਸੁਖਰਾਜ ਕੌਰ, ਅੰਮਿ੍ਤਪਾਲ ਕੌਰ ਨੇ ਜਨਮ ਲਿਆ | ਆਪ ਦਾ ਪਰਿਵਾਰ ਇਲਾਕੇ ਦੇ ਖੁਸ਼ਹਾਲ ਪਰਿਵਾਰਾਂ 'ਚ ਸ਼ੁਮਾਰ ਹੈ | ਖੇਤੀਬਾੜੀ ਦੇ ਨਾਲ ਬਿਜ਼ਨਸ, ਸਿਆਸਤ 'ਚ ਵੀ ਚੰਗਾ ਨਾਮ ਹੈ | ਬੀਤੇ 4 ਮਾਰਚ ਨੂੰ ਆਪ ਅਚਾਨਕ ਗੁਰੂ ਚਰਨਾਂ ਜਾ ਬਿਰਾਜੇ ਸਨ, ਅੱਜ 13 ਮਾਰਚ ਦਿਨ ਸ਼ੁੱਕਰਵਾਰ ਨੂੰ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਜ਼ਾਮਨੀ ਸਾਹਿਬ ਬਜੀਦਪੁਰ ਵਿਖੇ ਠੀਕ 12 ਤੋਂ 1 ਵਜੇ ਹੋਵੇਗੀ | -ਸਰਬਜੀਤ ਸਿੰਘ ਧਾਲੀਵਾਲ