ਫ਼ਿਰੋਜ਼ਪੁਰ, 27 ਮਾਰਚ (ਗੁਰਿੰਦਰ ਸਿੰਘ)-ਸਥਾਨਕ ਆਰ.ਐੱਸ.ਡੀ. ਕਾਲਜ, ਫ਼ਿਰੋਜ਼ਪੁਰ ਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਭਾਗ ਵਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਪੋਸਟਰ ਮੇਕਿੰਗ , ਲੇਖ ਰਚਨਾ ,ਕਹਾਣੀ ਰਚਨਾ ਅਤੇ ਕਵਿਤਾ ਰਚਨਾ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਵਿਚ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਡਾ. ਅਰਾਧਨਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ | ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਨਿਰਮਾਣ ਲਈ ਦਰੁਸਤ ਰਸਤਾ ਚੁਣਨ ਲਈ ਆਖਿਆ | ਉਹਨਾਂ ਅਨੁਸਾਰ ਇਕ ਅਧਿਆਪਕ ਹੀ ਸਹੀ ਦਿਸ਼ਾ ਦਰਸਾ ਸਕਦਾ ਹੈ | ਉਹਨਾਂ ਨੇ ਵਿਦਿਆਰਥੀਆਂ ਨਾਲ ਮੋਬਾਈਲ ਅਤੇ ਇੰਟਰਨੈੱਟ ਦੀ ਸੁਚੱਜੀ ਵਰਤੋਂ ਦੇ ਨੁਕਤੇ ਵੀ ਸਾਂਝੇ ਕੀਤੇ | ਉਹਨਾਂ ਅਨੁਸਾਰ ਪੁਸਤਕਾਂ ਅਤੇ ਲਗਾਤਾਰ ਕੀਤੀ ਪੜ੍ਹਾਈ ਹੀ ਸਿਰਜਣਾਤਮਿਕ ਪੈਦਾ ਕਰਦੀ ਹੈ | ਉਹਨਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ | ਇਸ ਮੌਕੇ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ ਵਿਚ ਖ਼ੁਸ਼ਬੂ ਅਤੇ ਉਦੈ ਨੇ ਪਹਿਲਾ ਸਥਾਨ ਹਾਸਲ ਕੀਤਾ | ਕਵਿਤਾ ਰਚਨਾ ਵਿਚ ਚਮਕੌਰ ਸਿੰਘ ਅਤੇ ਸਿਮਰਨਜੀਤ ਅੱਵਲ ਰਹੇ | ਨਿਬੰਧ ਰਚਨਾ ਵਿਚ ਮਨਿਨ ਠੁਕਰਾਲ ਅਤੇ ਕਹਾਣੀ ਰਚਨਾ ਵਿਚ ਸੋਮਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਪ੍ਰੋਗਰਾਮ ਵਿਚ ਦਿਨੇਸ਼ ਕੁਮਾਰ ਕੋਆਰਡੀਨੇਟਰ ਏਡਿਡ ਸਕੂਲ ਵੀ ਸ਼ਾਮਲ ਹੋਏ | ਹਿੰਦੀ ਵਿਭਾਗ ਦੇ ਮੁਖੀ ਡਾ. ਅਨਿਲ ਧੀਮਾਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਡਾ. ਅਮਨਦੀਪ ਸਿੰਘ ਕੋਆਰਡੀਨੇਟਰ ਰੈੱਡ ਰਿਬਨ ਕਲੱਬ ਨੇ ਬਾਖ਼ੂਬੀ ਨਿਭਾਈ | ਇਸ ਸਮੇਂ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਕਪਿਲ ਦੇਵ, ਪ੍ਰੋ. ਇਕਬਾਲ ਸਿੰਘ, ਪ੍ਰੋ. ਕੁਲਵਿੰਦਰ ਕੌਰ ਅਤੇ ਪ੍ਰੋ. ਰੂਬੀ ਵੀ ਹਾਜ਼ਰ ਰਹੇ |