ਫ਼ਾਜ਼ਿਲਕਾ, 5 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਇਕ ਸਰਕਾਰੀ ਸਕੂਲ ਵਿਚ ਛੁੱਟੀ ਵਾਲੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਇਕ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਬੂ ਕਰ ਲਿਆ | ਫੜਿਆ ਗਿਆ ਨੌਜਵਾਨ ਪਹਿਲਾਂ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ ਪਰ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਨੇੜਲੇ ਮੁਹੱਲੇ ਵਿਚੋਂ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ | ਪ੍ਰਾਇਮਰੀ ਸਮਾਰਟ ਸਕੂਲ ਨੰਬਰ 3 ਦੇ ਅਧਿਆਪਕ ਸੌਰਵ ਧੂੜੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਸਕੂਲ ਵਿਚੋਂ ਝੂਲਾ ਚੋਰੀ ਕਰਕੇ ਲੈ ਕੇ ਜਾ ਰਿਹਾ ਹੈ | ਜਦੋਂ ਮੌਕੇ 'ਤੇ ਪਹੁੰਚ ਕੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪਹਿਲਾਂ ਚੋਰੀ ਤੋਂ ਇਨਕਾਰ ਕੀਤਾ | ਇਸ ਦੌਰਾਨ ਉਸ ਨੇ ਪਖਾਨੇ ਜਾਣ ਦਾ ਬਹਾਨਾ ਬਣਾਇਆ ਅਤੇ ਸਕੂਲ ਦੀ ਕੰਧ ਟੱਪ ਕੇ ਭੱਜ ਨਿਕਲਿਆ | ਹਾਲਾਂਕਿ ਮੌਜੂਦ ਲੋਕਾਂ ਨੇ ਹਿੰਮਤ ਦਿਖਾਈ ਅਤੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ | ਅਧਿਆਪਕਾਂ ਅਨੁਸਾਰ ਇਸ ਸਕੂਲ ਵਿਚ ਚੋਰੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ | ਇਸ ਤੋਂ ਪਹਿਲਾਂ ਵੀ ਤਿੰਨ-ਚਾਰ ਵਾਰ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਸਕੂਲ ਦੀ ਰਸੋਈ ਦੇ ਤਾਲੇ ਤੋੜ ਕੇ ਆਟਾ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਸੀ | ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਰਤੀ ਅਨਸਰ ਅਕਸਰ ਛੁੱਟੀ ਵਾਲੇ ਦਿਨਾਂ ਦਾ ਫ਼ਾਇਦਾ ਉਠਾ ਕੇ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹਨ | ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |