ਮਮਦੋਟ, 5 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਤੋਂ ਸਵਾਈ ਕੇ ਰੋਡ 'ਤੇ ਟਰੈਕਟਰ ਟਰਾਲੇ 'ਤੇ ਲੱਦ ਕੇ ਲਿਜਾਈ ਜਾ ਰਹੀ ਸੀਮਿੰਟ ਬੱਜਰੀ ਰਲਾਉਣ ਵਾਲੀ ਮਸ਼ੀਨ ਉੱਪਰ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਿਕ ਮਮਦੋਟ ਕਸਬੇ ਵਿਚ ਸੀਵਰੇਜ ਦਾ ਕੰਮ ਕਰਨ ਵਾਲਾ ਠੇਕੇਦਾਰ ਇੱਥੇ ਕੰਮ ਖ਼ਤਮ ਹੋਣ ਉਪਰੰਤ ਸੀਮਿੰਟ ਬਜਰੀ ਰਲਾਉਣ ਵਾਲੀ ਮਿਕਚਰ ਮਸ਼ੀਨ ਟਰੈਕਟਰ ਟਰਾਲੇ 'ਤੇ ਲੱਦ ਕਿ ਲਿਜਾ ਰਿਹਾ ਸੀ ਕਿ ਸਵਾਈ ਕੇ ਨਹਿਰ ਦੇ ਕੋਲ ਮਸ਼ੀਨ ਸੜਕ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ | ਜਿਸ ਕਾਰਨ ਪੂਰੇ ਟਰੈਕਟਰ ਟਰਾਲੇ ਵਿਚ ਕਰੰਟ ਆਉਣ ਕਾਰਨ ਟਰੈਕਟਰ ਦੇ ਟਾਇਰਾਂ ਨੂੰ ਅੱਗ ਲੱਗ ਗਈ ਅਤੇ ਚਾਲਕ ਕਰੰਟ ਲੱਗਣ ਤੋਂ ਬਾਅਦ ਹੇਠਾਂ ਡਿਗ ਪਿਆ | ਜਿਸ ਨੂੰ ਨਜ਼ਦੀਕੀ ਲੋਕਾਂ ਵਲੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ | ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਮਿ੍ਤਕ ਦੀ ਪਹਿਚਾਣ ਗੁਰਮੀਤ ਸਿੰਘ ਉਮਰ ਕਰੀਬ 40 ਸਾਲ ਵਾਸੀ ਮੁਦਕੀ ਵਜੋਂ ਦੱਸੀ ਗਈ ਹੈ | ਪ੍ਰਤੱਖਦਰਸ਼ੀਆਂ ਅਨੁਸਾਰ ਸੀਵਰੇਜ ਠੇਕੇਦਾਰ ਵਲੋਂ ਟਰੈਕਟਰ ਚਾਲਕ ਦੇ ਨਾਲ ਕੋਈ ਸਹਾਇਕ ਨਹੀਂ ਭੇਜਿਆ ਗਿਆ ਸੀ | ਜਿਸ ਕਾਰਨ ਇਕੱਲੇ ਟਰੈਕਟਰ ਚਾਲਕ ਦੀ ਬਿਜਲੀ ਦੀਆਂ ਤਾਰਾਂ ਮਸ਼ੀਨ ਨਾਲ ਟਕਰਾਉਣ 'ਤੇ ਨਜ਼ਰ ਨਹੀਂ ਪਈ ਅਤੇ ਹਾਦਸਾ ਵਾਪਰ ਗਿਆ |