ਫ਼ਾਜ਼ਿਲਕਾ, 5 ਅਪ੍ਰੈਲ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪਏ ਬੇਮੌਸਮੇ ਮੀਂਹ ਅਤੇ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਵੱਡੇ ਨੁਕਸਾਨ ਨੂੰ ਲੈ ਕੇ ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਸਾਬਕਾ ਉਪ ਚੇਅਰਮੈਨ ਕੰਵਲ ਕਾਲੜਾ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਚੇਅਰਮੈਨ ਕਾਲੜਾ ਨੇ ਕਿਹਾ ਕਿ ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਦੀ 'ਪੁੱਤਾਂ ਵਾਂਗ ਪਾਲੀ' ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਨਰਮੇ ਅਤੇ ਕਪਾਹ ਦੀ ਫ਼ਸਲ ਪਹਿਲਾਂ ਹੀ ਖ਼ਰਾਬ ਹੋਣ ਕਾਰਨ ਕਿਸਾਨਾਂ ਨੂੰ ਸਿਰਫ਼ ਕਣਕ ਤੋਂ ਹੀ ਉਮੀਦ ਸੀ, ਪਰ ਕੁਦਰਤ ਦੀ ਮਾਰ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਕਿਸਾਨਾਂ ਦੇ ਪੱਲੇ ਕੁੱਝ ਨਾ ਪਿਆ ਤਾਂ ਉਹ ਆਰਥਿਕ ਤੌਰ 'ਤੇ ਬਹੁਤ ਪਿੱਛੇ ਚਲੇ ਜਾਣਗੇ | ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ਾਜ਼ਿਲਕਾ ਦੌਰੇ ਦਾ ਜ਼ਿਕਰ ਕਰਦਿਆਂ ਕਾਲੜਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਉਸੇ ਵੇਲੇ ਹੀ ਜ਼ਿਲ੍ਹੇ ਦੇ ਪੀੜਤ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕਰਕੇ ਜਾਂਦੇ | ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਇਸ ਦੇ ਨਤੀਜੇ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਭੁਗਤਣੇ ਪੈਣਗੇ |