ਫ਼ਿਰੋਜ਼ਪੁਰ, 5 ਅਪ੍ਰੈਲ(ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਦੀ ਜ਼ਿਲ੍ਹਾ ਪੱਧਰੀ ਅਹਿਮ ਮੀਟਿੰਗ ਖ਼ਾਲਸਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ ਵਿਖੇ ਹੋਈ ਜਿਸ ਵਿਚ ਪੰਥਕ, ਕਿਸਾਨੀ ਅਤੇ ਰਾਜਨੀਤਿਕ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ | ਮੀਟਿੰਗ ਦੌਰਾਨ ਸੱਭ ਤੋਂ ਪਹਿਲਾਂ ਕੁਦਰਤੀ ਆਫ਼ਤਾਂ ਮੀਂਹ ਅਤੇ ਗੜੇ੍ਹਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਭਾਰੀ ਨੁਕਸਾਨ 'ਤੇ ਚਿੰਤਾ ਜਤਾਈ ਗਈ | ਇਸ ਸਬੰਧੀ ਸਰਕਾਰ ਤੋਂ ਤੁਰੰਤ ਪ੍ਰਭਾਵ ਨਾਲ ਸਰਵੇ ਕਰਵਾ ਕੇ ਪੀੜਤ ਕਿਸਾਨਾਂ ਨੂੰ ਘੱਟੋ-ਘੱਟ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ | ਇਸ ਤੋਂ ਇਲਾਵਾ ਮੀਟਿੰਗ ਵਿਚ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਵਲੋਂ ਦਿੱਤੇ ਬਿਆਨ ਦੀ ਕੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਆਗੂਆਂ ਨੇ ਕਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਹਿਣਾ ਸਿੱਖ ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ | ਉਨ੍ਹਾਂ ਮੰਗ ਕੀਤੀ ਕਿ ਨਾਮਧਾਰੀ ਮੁਖੀ ਆਪਣੀ ਇਸ ਗ਼ਲਤੀ ਲਈ ਵਿਸ਼ਵ ਭਰ ਦੇ ਸਿੱਖਾਂ ਕੋਲੋਂ ਜਨਤਕ ਤੌਰ 'ਤੇ ਮਾਫ਼ੀ ਮੰਗਣ | ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਲੋਕ ਸ਼ਕਤੀ ਨੂੰ ਇਕੱਠਾ ਕਰਕੇ ਪੰਥ, ਪੰਜਾਬ ਅਤੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਪਿੰਡ, ਸਰਕਲ ਅਤੇ ਹਲਕਾ ਪੱਧਰ 'ਤੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ | ਇਸ ਮੌਕੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਈਆਂ ਜਾਣ ਤਾਂ ਜੋ ਸਿੱਖ ਕੌਮ ਦੀ ਸਿਰਮੌਰ ਸੰਸਥਾ ਦਾ ਪ੍ਰਬੰਧ ਯੋਗ ਅਤੇ ਇਮਾਨਦਾਰ ਹੱਥਾਂ ਵਿਚ ਸੌਂਪਿਆ ਜਾ ਸਕੇ | ਮੀਟਿੰਗ ਦੌਰਾਨ ਸਾਰੀਆਂ ਸੁਹਿਰਦ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਇੱਕਜੁੱਟ ਹੋ ਕੇ ਪੰਥ ਅਤੇ ਪੰਜਾਬ ਦੇ ਸਾਂਝੇ ਹਿਤਾਂ ਦੀ ਰੱਖਿਆ ਲਈ ਵਚਨਬੱਧ ਹੋਣ | ਮੀਟਿੰਗ ਵਿਚ ਅਜੈਬ ਸਿੰਘ, ਜਸਪਾਲ ਸਿੰਘ ਖ਼ਾਲਸਾ, ਬਲਜਿੰਦਰ ਸਿੰਘ ਮੈਨੇਜਰ, ਡਾ. ਮੁਖ਼ਤਿਆਰ ਸਿੰਘ ਭੁੱਲਰ, ਲਖਵੀਰ ਸਿੰਘ ਸ਼ਕੂਰ, ਰਾਜ ਸਿੰਘ ਖ਼ਾਲਸਾ, ਚਰਨ ਸਿੰਘ ਕੀਰਤੀ ਚੱਕਰ, ਰੇਸ਼ਮ ਸਿੰਘ ਸਾਂਦਾ ਮੌਜਾ, ਬਲਵਿੰਦਰ ਸਿੰਘ ਵਾਹਕਾ ਮੌੜ, ਜਸਬੀਰ ਸਿੰਘ ਭੁੱਲਰ, ਕੈਪਟਨ ਕੁਲਦੀਪ ਸਿੰਘ, ਨਛੱਤਰ ਸਿੰਘ ਝੋਕ ਹਰੀਹਰ ਅਤੇ ਅਮਰ ਸਿੰਘ ਸੰਧੂ ਆਦਿ ਆਗੂ ਮੌਜੂਦ ਸਨ |