ਫ਼ਿਰੋਜ਼ਪੁਰ, 7 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਨੇ ਗੱਲਬਾਤ ਕਰਦੇ ਹੋਏ ਦਿਨ ਬ ਦਿਨ ਵਿਗੜਦੇ ਮੌਸਮ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਦੋ ਸਾਲ ਤੋਂ ਆ ਰਹੀਆਂ ਕੁਦਰਤੀ ਆਫ਼ਤਾਂ ਨਾਲ ਕਿਸਾਨੀ ਦਾ ਲੱਕ ਟੁੱਟ ਗਿਆ ਹੈ | ਜਿਸ ਨਾਲ ਕਿਸਾਨ ਵਰਗ ਦੀ ਆਰਥਿਕ ਸਥਿਤੀ ਵੱਡੇ ਪੱਧਰ 'ਤੇ ਡਾਵਾਂਡੋਲ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਆਏ ਹੜ੍ਹਾਂ ਨਾਲ ਸਰਹੱਦੀ ਖੇਤਰ ਦੇ ਨੇੜਲੇ ਪਿੰਡਾਂ ਵਿਚ ਫ਼ਸਲਾਂ, ਸਬਜ਼ੀਆਂ, ਹਾਰੇ ਚਰੇ ਦੇ ਨਾਲ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨਾਂ ਦਾ ਪਿਛਲੇ ਦਿਨਾ ਤੋਂ ਹੋ ਰਹੀ ਬੇਮੌਸਮੀ ਬਰਸਾਤ ਅਤੇ ਪਏ ਗੜਿਆਂ ਨਾਲ ਵੱਡਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੇ ਮੁਆਵਜ਼ੇ ਅਤੇ ਇਸ ਵਾਰ ਮੀਂਹ ਅਤੇ ਗੜੇ੍ਹਮਾਰੀ ਨਾਲ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀਆਂ ਕਰਵਾ ਕੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾਵੇ |