ਫ਼ਿਰੋਜ਼ਪੁਰ, 7 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਪੰਜਾਬ) ਵਲੋਂ ਪੰਜਾਬ ਦੇ ਕਿਸਾਨਾਂ ਦੀਆਂ ਭਖਦਿਆਂ ਮੰਗਾਂ ਨੂੰ ਲੈ ਕੇ ਵਿਸ਼ੇਸ਼ ਬੈਠਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ | ਜਿਸ ਦੌਰਾਨ ਆਗੂਆਂ ਨੇ ਜਾਣਕਾਰੀ ਸਾਂਝੀ ਕਿ ਜਥੇਬੰਦੀ ਦੇ ਇੱਕ ਵਫ਼ਦ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਵਿਸ਼ੇਸ਼ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੌਂਪਿਆ ਗਿਆ ਹੈ | ਜਥੇਬੰਦੀ ਆਗੂਆਂ ਨੇ ਕਿਹਾ ਕਿ ਠੋਸ ਖੇਤੀ ਨੀਤੀ ਦੀ ਅਣਹੋਂਦ ਕਾਰਨ ਸੂਬੇ ਦੀ ਆਰਥਿਕਤਾ ਅਤੇ ਕਿਸਾਨੀ ਗੰਭੀਰ ਸੰਕਟ ਵਿਚ ਹੈ | ਆਗੂਆਂ ਨੇ ਮੰਗ ਕੀਤੀ ਕਿ ਕਾਰਪੋਰੇਟ ਘਰਾਨਿਆਂ ਦੀ ਤਰਜ਼ 'ਤੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ, ਦੋ ਸਾਲ ਪਹਿਲਾਂ ਮਾਰਕਫੈੱਡ ਵਲੋਂ ਸਪਲਾਈ ਕੀਤੇ ਗਏ ਨਕਲੀ ਡੀ.ਪੀ.ਏ. ਖਾਦ ਦੇ ਪੈਸੇ ਵਾਪਸ ਕਰਨ ਅਤੇ ਪਿਛਲੇ 10 ਸਾਲਾਂ ਤੋਂ ਰੁਕੇ ਹੋਏ ਖੇਤੀ ਮੋਟਰਾਂ ਦੇ ਕੁਨੈਕਸ਼ਨ ਤੁਰੰਤ ਜਾਰੀ ਕਰਨ 'ਤੇ ਜ਼ੋਰ ਦਿੱਤਾ | ਯੂਨੀਅਨ ਆਗੂਆਂ ਨੇ ਪ੍ਰੀਪੇਡ ਬਿਜਲੀ ਮੀਟਰ ਲਾਉਣ ਦਾ ਵਿਰੋਧ ਦੇ ਨਾਲ ਯੂਰੀਆ ਖਾਦ ਦੀ ਕਮੀ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ | ਪਾਣੀਆਂ ਦੇ ਮੁੱਦੇ 'ਤੇ ਜਥੇਬੰਦੀ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਸੂਬੇ ਦਾ ਹੱਕ ਬਹਾਲ ਹੋਣਾ ਚਾਹੀਦਾ ਹੈ ਅਤੇ ਕੇਂਦਰੀ ਦਖ਼ਲਅੰਦਾਜ਼ੀ ਬੰਦ ਕਰਵਾਉਣ ਲਈ ਠੋਸ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ | ਮੀਟਿੰਗ ਦੌਰਾਨ ਜਥੇਬੰਦੀ ਆਗੂਆਂ ਨੇ ਫ਼ੈਕਟਰੀਆਂ ਦੇ ਦੂਸ਼ਿਤ ਪਾਣੀ ਕਾਰਨ ਫੈਲ ਰਹੀਆਂ ਬਿਮਾਰੀਆਂ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਪ੍ਰਦੂਸ਼ਣ ਰੋਕਣ ਲਈ ਸਖ਼ਤ ਕਾਨੂੰਨ ਅਤੇ ਨਹਿਰੀ ਢਾਂਚੇ ਦੇ ਨਵੀਨੀਕਰਨ ਦੀ ਮੰਗ ਨੂੰ ਪੂਰਾ ਕੀਤਾ ਜਾਵੇ | ਇਸ ਮੌਕੇ ਮੇਜਰ ਸਿੰਘ ਰੰਧਾਵਾ, ਪ੍ਰਕਾਸ਼ ਸਿੰਘ, ਗੁਰਮੀਤ ਸਿੰਘ ਫਾਰੂ ਵਾਲਾ ਬਲਾਕ ਸਕੱਤਰ ਮਮਦੋਟ, ਗੁਰਚਰਨ ਸਿੰਘ ਕੋਮਲ, ਮੇਜਰ ਸਿੰਘ ਹੁੰਦਲ, ਗੁਰਮੇਜ ਸਿੰਘ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਮਮਦੋਟ, ਨਿਸ਼ਾਨ ਸਿੰਘ, ਗੁਰਮੀਤ ਸਿੰਘ ਘੋੜੇ ਚੱਕ ਕਮੇਟੀ ਮੈਂਬਰ ਪੰਜਾਬ, ਗੁਲਾਬ ਸਿੰਘ ਇਕਾਈ ਪ੍ਰਧਾਨ ਪਿੰਡ ਫੱਤੂ ਵਾਲਾ, ਬਲਵੰਤ ਸਿੰਘ ਇਕਾਈ ਪ੍ਰਧਾਨ, ਪਰਮਜੀਤ ਸਿੰਘ ਭੁੱਲਰ ਜ਼ਿਲ੍ਹਾ ਵਾਇਸ ਪ੍ਰਧਾਨ ਸਿੱਧੂਪੁਰ, ਸਰਵਨ ਸਿੰਘ ਆਦਿ ਹਾਜ਼ਰ ਸਨ |