ਮੁੱਦਕੀ, 8 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਵਿਖੇ ਸਥਿਤ ਏ-ਵੰਨ ਨਾਗੀ ਹਸਪਤਾਲ ਵਿਚ ਅੱਜ 'ਮੇਰਾ ਸਟਾਫ਼ ਮੇਰਾ ਗੌਰਵ' ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਡਾ. ਕੁਲਦੀਪ ਸਿੰਘ ਨਾਗੀ ਵਲੋਂ ਹਸਪਤਾਲ ਦੇ ਮਿਹਨਤੀ, ਇਮਾਨਦਾਰ ਅਤੇ ਸਮਰਪਿਤ ਟੀਮ ਮੈਂਬਰਾਂ ਨੂੰ ਸਰਾਹਨਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਹੋਣ ਵਾਲਿਆਂ ਵਿਚ ਐਚ.ਆਰ. ਮੈਨੇਜਰ ਪਵਨਦੀਪ ਕੌਰ, ਰੇਡੀਉਗ੍ਰਾਫਰ ਸਿਮਰਨਜੀਤ ਕੌਰ, ਨਰਸਿੰਗ ਸਟਾਫ਼ ਕੋਮਲਪ੍ਰੀਤ ਕੌਰ, ਮਨੀਸ਼ਾ ਰਾਣੀ, ਪਿ੍ਅੰਕਾ ਰਾਣੀ, ਵੀਨਸ ਅਤੇ ਲੈਬ ਟੈਕਨੀਸ਼ੀਅਨ ਸੁਖਦੇਵ ਸਿੰਘ, ਜਸਪ੍ਰੀਤ ਸਿੰਘ ਸ਼ਾਮਲ ਸਨ | ਡਾ. ਨਾਗੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 'ਮੇਰਾ ਸਟਾਫ਼ ਮੇਰਾ ਗੌਰਵ' ਹੈ | ਇਹ ਸਿਰਫ਼ ਮੇਰੇ ਨਾਲ ਕੰਮ ਕਰਨ ਵਾਲੇ ਲੋਕ ਨਹੀਂ, ਸਗੋਂ ਮੇਰੇ ਪਰਿਵਾਰ ਦਾ ਅਟੁੱਟ ਹਿੱਸਾ ਹਨ | ਹਸਪਤਾਲ ਦੀ ਹਰ ਸਫਲਤਾ ਅਤੇ ਮਰੀਜ਼ਾਂ ਦੀ ਸੰਤੁਸ਼ਟੀ ਦੇ ਪਿੱਛੇ ਇਨ੍ਹਾਂ ਦੀ ਨਿਸ਼ਠਾ, ਸੇਵਾ ਭਾਵਨਾ ਅਤੇ ਸਖ਼ਤ ਮਿਹਨਤ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਏ ਵੰਨ ਨਾਗੀ ਹਸਪਤਾਲ ਹਮੇਸ਼ਾ ਉੱਚ ਗੁਣਵੱਤਾ ਵਾਲੀਆਂ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਇਸ ਮੌਕੇ 'ਤੇ ਟੀਮ ਮੈਂਬਰਾਂ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਏ-ਵੰਨ ਨਾਗੀ ਹਸਪਤਾਲ ਨਾਲ ਜੁੜੇ ਹੋਏ ਹਾਂ | ਡਾ. ਕੁਲਦੀਪ ਸਿੰਘ ਨਾਗੀ ਸਾਡੇ ਲਈ ਸਿਰਫ਼ ਮਾਰਗ ਦਰਸ਼ਕ ਹੀ ਨਹੀਂ, ਸਗੋਂ ਪੇ੍ਰਰਨਾ ਦਾ ਸਰੋਤ ਹਨ |