ਫ਼ਿਰੋਜ਼ਪੁਰ, 10 ਅਪ੍ਰੈਲ (ਗੁਰਿੰਦਰ ਸਿੰਘ)-ਨਾਮਧਾਰੀ ਮੁਖੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਦੇ ਵਿਰੋਧ ਵਿਚ ਅੱਜ ਫ਼ਿਰੋਜ਼ਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਪੰਜਾਬ ਕੋਲ ਠਾਕਰ ਦਲੀਪ ਸਿੰਘ ਦੇ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ | ਭਾਈ ਲਖਵੀਰ ਸਿੰਘ ਮਹਾਲਮ, ਸਰਪ੍ਰਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਸੌਂਪੇ ਮੰਗ ਪੱਤਰ ਵਿਚ ਦੱਸਿਆ ਗਿਆ ਕਿ ਬੀਤੀ 8 ਮਾਰਚ ਨੂੰ ਹਰਿਆਣਾ ਦੇ ਪਿੰਡ ਜੀਵਨ ਨਗਰ ਵਿਚ ਹੋਏ ਇਕ ਸਮਾਗਮ ਦੌਰਾਨ ਠਾਕਰ ਦਲੀਪ ਸਿੰਘ ਨੇ ਵਿਦੇਸ਼ ਤੋਂ ਲਾਈਵ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਇਹ ਬਿਆਨ ਦਿੱਤਾ ਕਿ Tਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ, ਸਿਰਫ਼ ਇਕ ਕਿਤਾਬ ਹੈUਅਤੇ Tਸ਼ਬਦ ਗੁਰੂ ਨਹੀਂ ਹੋ ਸਕਦਾ | ਉਨ੍ਹਾਂ ਦੱਸਿਆ ਕਿ ਇਹ ਬਿਆਨ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਂਦੇ ਹਨ | ਭਾਈ ਮਹਾਲਮ ਨੇ ਕਿਹਾ ਕਿ ਠਾਕਰ ਦਲੀਪ ਸਿੰਘ ਪਹਿਲਾਂ ਹੀ ਅਦਾਲਤ ਵਲੋਂ ਭਗੌੜਾ ਘੋਸ਼ਿਤ ਦੋਸ਼ੀ ਹੈ ਅਤੇ ਉਸ 'ਤੇ ਆਪਣੇ ਹੀ ਮੁਖੀ ਦੇ ਕਤਲ ਦੇ ਦੋਸ਼ ਵੀ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦਾ ਗੁਰੂ ਹੈ ਅਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾਲ ਸਿੱਖ ਕੌਮ ਦੇ ਦਿਲਾਂ ਨੂੰ ਗਹਿਰੀ ਚੋਟ ਪਹੁੰਚੀ ਹੈ | ਇਸ ਮੌਕੇ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਸਿੱਖ, ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਇਕਸੁਰ ਹੋ ਕੇ ਮੰਗ ਕੀਤੀ ਕਿ ਦੋਸ਼ੀ ਖ਼ਿਲਾਫ਼ ਤੁਰੰਤ ਐਫ਼.ਆਈ.ਆਰ ਦਰਜ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ | ਨਾਲ ਹੀ ਇਹ ਵੀ ਦੱਸਿਆ ਗਿਆ ਕਿ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਮੰਗ ਪੱਤਰ ਭੇਜੇ ਗਏ ਹਨ | ਜਿਸ ਵਿਚ ਮੰਗ ਕੀਤੀ ਗਈ ਹੈ ਕਿ ਸਬੰਧਿਤ ਡੇਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਪਸ ਲਿਆਂਦੇ ਜਾਣ ਅਤੇ ਦੋਸ਼ੀਆਂ ਦਾ ਸਮਾਜਿਕ ਅਤੇ ਧਾਰਮਿਕ ਬਾਈਕਾਟ ਕੀਤਾ ਜਾਵੇ | ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਦੇ ਮੁਖੀ ਬਾਬਾ ਸਤਨਾਮ ਸਿੰਘ ਵੱਲੀਆਂ, ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਭਾਈ ਜਸਪਾਲ ਸਿੰਘ, ਏਕਨੂਰ ਖ਼ਾਲਸਾ ਫ਼ੌਜ ਦੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ, ਬਾਬਾ ਬੁੱਢਾ ਸਾਹਿਬ ਗ੍ਰੰਥੀ ਪਾਠੀ ਸਭਾ ਦੇ ਭਾਈ ਅਵਤਾਰ ਸਿੰਘ, ਕਲਗ਼ੀਧਰ ਅੰਮਿ੍ਤ ਸੰਚਾਰ ਦੇ ਮੁਖੀ ਭਾਈ ਬਲਕਾਰ ਸਿੰਘ ਸਮੇਤ ਹੋਰ ਪੰਥਕ ਆਗੂ, ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਮੌਜੂਦ ਸਨ |