ਮੁੱਦਕੀ, 15 ਅਪ੍ਰੈਲ (ਅਗਰਵਾਲ)-ਬਾਰਸ਼ ਅਤੇ ਗੜੇਮਾਰੀ ਨਾਲ ਨੁਕਸਾਨ ਝੱਲ ਚੁੱਕੇ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ, ਉੱਪਰੋਂ ਖ਼ਰੀਦ ਵਿਚ ਹੋ ਰਹੀ ਦੇਰੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਜੰਟ ਸਿੰਘ ਬਰਾੜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ, ਜੋਗਿੰਦਰ ਸਿੰਘ ਸੰਧੂ ਛਿੰਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਮੁੱਦਕੀ, ਸਤਨਾਮ ਸਿੰਘ ਬਾਸੀ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਬ੍ਰਹਮ ਕੇ ਅਤੇ ਦਰਸ਼ਨ ਸਿੰਘ ਫ਼ੌਜੀ ਬਲਾਕ ਪ੍ਰਧਾਨ ਬ੍ਰਹਮ ਕੇ ਨੇ ਕੀਤਾ | ਉਨ੍ਹਾਂ ਕਿਹਾ ਕਿ ਖੇਤਾਂ 'ਚੋਂ ਆਪਣੀ ਕਣਕ ਦੀ ਫ਼ਸਲ ਵੱਢ ਕੇ ਮੰਡੀਆਂ ਵਿਚ ਲਿਆ ਕੇ ਬੈਠਾ ਕਿਸਾਨ ਰੁਲਣ ਲਈ ਮਜਬੂਰ ਹੋਇਆ ਪਿਆ ਹੈ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਕਣਕ ਦੀ ਸੁਸਤ ਚੱਲ ਰਹੀ ਖ਼ਰੀਦ ਨੂੰ ਤੇਜ਼ ਕਰਵਾਇਆ ਜਾਵੇ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਜਾਰੀ ਕੀਤਾ ਜਾਵੇ |