08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਭਾਕਿਯੂ ਸਿੱਧੂਪੁਰ (ਡੱਲੇਵਾਲ) ਦੇ ਸੱਦੇ 'ਤੇ ਡੀ.ਐੱਫ.ਐੱਸ.ਸੀ ਦਫ਼ਤਰ ਦਾ ਘਿਰਾਓ

Ad Position 21
No active advertisement
ਅਜੀਤ ਡੈਸਕ 16-04-2026
ਫ਼ਿਰੋਜ਼ਪੁਰ,15 ਅਪ੍ਰੈਲ (ਸੋਢੀ): ਕਣਕ ਦਾ ਇਕ-ਇਕ ਦਾਣਾ ਚੁੱਕਣ ਦਾ ਦਾਅਵਾ ਕਰਨ ਵਾਲੀ ਸਰਕਾਰ ਵਲੋਂ 15 ਦਿਨ ਬੀਤ ਜਾਣ ਤੋਂ ਬਾਅਦ ਵੀ ਕਣਕ ਨਾਂ ਖ਼ਰੀਦਣ ਕਾਰਨ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਪੰਜਾਬ ਭਰ ਦੇ ਡੀ.ਐੱਫ.ਐੱਸ.ਸੀ ਦਫ਼ਤਰਾਂ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ | ਇਸੇ ਲੜੀ ਦੇ ਚੱਲਦੇ ਬੀਕੇਯੂ ਏਕਤਾ ਸਿੱਧੂਪੁਰ (ਡੱਲੇਵਾਲ) ਦੀ ਫ਼ਿਰੋਜ਼ਪੁਰ ਇਕਾਈ ਵਲੋਂ ਜ਼ਿਲ੍ਹਾ ਕਮੇਟੀ ਮੈਂਬਰ ਰਣਜੀਤ ਸਿੰਘ ਤੇ ਪ੍ਰਧਾਨ ਇਕਬਾਲ ਸਿੰਘ ਦੀ ਅਗਵਾਈ ਵਿਚ ਡੀ.ਐੱਫ.ਐੱਸ.ਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿਚ ਮੰਡੀਆਂ 'ਚ ਸੁਚੱਜੇ ਢੰਗ ਨਾਲ ਸਰਕਾਰੀ ਖ਼ਰੀਦ ਸ਼ੁਰੂ ਨਾਂ ਹੋਣ ਕਾਰਨ ਅਤੇ ਸਰਕਾਰੀ ਏਜੰਸੀਆਂ ਵਲੋਂ ਕਣਕ ਦੀ ਖ਼ਰੀਦ ਤੋਂ ਹੱਥ ਪਿੱਛੇ ਖਿੱਚ ਕੇ ਹੜਤਾਲ ਉੱਪਰ ਚਲੇ ਜਾਣ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ | ਆਗੂਆਂ ਨੇ ਅੱਗੇ ਦੱਸਿਆ ਕਿ ਮੀਂਹ, ਹਨੇਰੀ, ਝੱਖੜ ਦੇ ਪਹਿਲਾਂ ਹੀ ਝੰਬੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪਿਛਲੇ 15 ਦਿਨਾਂ ਤੋਂ ਕਿਸਾਨ ਵੀਰ ਮੰਡੀਆਂ ਵਿਚ ਰੁਲਨ ਲਈ ਮਜਬੂਰ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਜੋ ਕੁਦਰਤੀ ਆਫ਼ਤ ਫ਼ੰਡ ਰੱਖਿਆ ਜਾਂਦਾ ਹੈ, ਉਸ ਨੂੰ ਰਿਲੀਜ਼ ਕਰਦੇ ਹੋਏ ਕੁਦਰਤੀ ਆਫ਼ਤ ਨਾਲ ਨੁਕਸਾਨੀ ਗਈ ਫ਼ਸਲ ਦੇ ਨੁਕਸਾਨ ਦੀ ਭਰਪਾਈ ਕਰਦੇ ਹੋਏ ਕਣਕ ਦੀ ਖ਼ਰੀਦ ਕੀਤੀ ਜਾਵੇ ਅਤੇ ਜੇਕਰ ਕਿਸੇ ਵੀ ਮੰਡੀ ਵਿਚ ਕਿਸੇ ਵੀ ਵਪਾਰੀ ਜਾਂ ਸਰਕਾਰੀ ਏਜੰਸੀ ਵਲੋਂ ਕਿਸਾਨਾਂ ਤੋਂ ਕਾਟ ਮੰਗ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂ ਜਸਕਰਨ ਸਿੰਘ ਅੱਗੇ ਦੱਸਿਆ ਕਿ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਵਲੋਂ ਝੂਠੇ ਪ੍ਰਚਾਰ ਕੀਤੇ ਜਾ ਰਹੇ ਹਨ ਕਿ ਫ਼ਸਲਾਂ ਦਾ ਬੀਮਾ ਹੋਇਆ ਹੈ, ਜੇਕਰ ਬੀਮਾ ਹੋਇਆ ਹੋਵੇ ਤਾਂ ਕਿਸਾਨਾਂ ਨੂੰ ਮੁਆਵਜ਼ਾ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ | ਜਦ ਕਿ ਫ਼ਸਲੀ ਬੀਮੇ ਦੀ ਹਕੀਕਤ ਇਹ ਹੈ ਕਿ ਹਰਿਆਣੇ ਵਿਚ ਵੀ ਜਿਨ੍ਹਾਂ ਕਿਸਾਨਾਂ ਵਲੋਂ ਫ਼ਸਲਾਂ ਦੇ ਬੀਮੇ ਕਰਵਾਏ ਗਏ ਹਨ, ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਅਤੇ ਕਿਸਾਨਾਂ ਤੋਂ ਬੀਮੇ ਦੇ ਪੈਸੇ ਭਰਾ ਕੇ ਕੰਪਨੀਆਂ ਵਲੋਂ ਪੈਸੇ ਇਕੱਠੇ ਕਰਨ ਦਾ ਹੀ ਕੰਮ ਕੀਤਾ ਜਾ ਰਿਹਾ, ਕਿਉਂਕਿ ਬੀਮਾ ਕੰਪਨੀਆਂ ਵਲੋਂ ਫ਼ਸਲ ਦੀ ਕਟਾਈ ਤੋਂ ਕਰੀਬ 10 ਦਿਨ ਪਹਿਲਾਂ ਹੀ ਬੀਮਾ ਪਾਲਿਸੀ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਜੋ ਫ਼ਸਲ ਦੀ ਕਟਾਈ ਤੋਂ ਪਹਿਲਾਂ ਜੇਕਰ ਕਿਸਾਨ ਦੀ ਫ਼ਸਲ ਦਾ ਕੋਈ ਨੁਕਸਾਨ ਹੋ ਜਾਵੇ ਤਾਂ ਫਿਰ ਕੰਪਨੀ ਨੂੰ ਉਹ ਬੀਮੇ ਦੀ ਰਕਮ ਕਿਸਾਨ ਨੂੰ ਅਦਾ ਕਰਨੀ ਹੀ ਨਾਂ ਪਵੇ | ਆਗੂਆਂ ਨੇ ਕਿਹਾ ਜੇਕਰ ਜਲਦ ਖ਼ਰੀਦ ਸ਼ੁਰੂ ਨਾ ਕਰਵਾਈ ਗਈ ਤਾਂ ਸੜਕਾਂ ਜਾਮ ਕਰਕੇ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ | ਇਸ ਮੌਕੇ ਸੁਖਬੀਰ ਸਿੰਘ ਖੋਸਾ ਜ਼ਿਲ੍ਹਾ ਮੀਤ ਪ੍ਰਧਾਨ, ਜੱਜ ਸਿੰਘ ਹਾਮਿਦ ਸਲਾਹਕਾਰ ਬਲਾਕ ਮਮਦੋਟ, ਬਲਵੀਰ ਸਿੰਘ ਜ਼ਿਲ੍ਹਾ ਸਲਾਹਕਾਰ, ਅਰਜਿੰਦਰ ਸਿੰਘ ਬਲਾਕ ਆਗੂ, ਗੁਰਸੇਵਕ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ, ਜਗਦੀਸ਼ ਸਿੰਘ, ਬਗੀਚ ਚੰਦ ਬੱਟੀ, ਚਮਕੌਰ ਸਿੰਘ, ਡਾ ਸਤਪਾਲ ਸਿੰਘ, ਟਹਿਲ ਸਿੰਘ, ਬੱਬੂ ਸੰਧੂ ਪੀਰ ਕੇ, ਰਾਜ ਸਿੰਘ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਜੇ ਕਾਇਤ ਚੌਥੀ ਵਾਰ ਬਣੇ ਜ਼ਿਲ੍ਹਾ ਮੀਤ ਪ੍ਰਧਾਨ ਅਗਲੀ ਖ਼ਬਰ ਸਟੇਟ ਕਰਮਚਾਰੀ ਦਲ ਵਲੋਂ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਨਿਖੇਧੀ
Ad Position 24