ਫਿਰੋਜ਼ਸ਼ਾਹ, 16 ਅਪ੍ਰੈਲ (ਧਾਲੀਵਾਲ)- ਜੋਗਿੰਦਰ ਕਾਨਵੈਂਟ ਸਕੂਲ ਵਿਚ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਇੱਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ | ਇਸ ਮੌਕੇ ਸਮੁੱਚੇ ਸਕੂਲ ਵਿਚ ਖ਼ੁਸ਼ੀ, ਉਤਸ਼ਾਹ ਅਤੇ ਨਵੀਂ ਉਮੰਗ ਦੀ ਲਹਿਰ ਦੇਖਣ ਨੂੰ ਮਿਲੀ | ?ਪ੍ਰੋਗਰਾਮ ਦਾ ਆਗਾਜ਼ ਬਹੁਤ ਹੀ ਖ਼ੂਬਸੂਰਤ ਕਵਿਤਾ ਅਤੇ ਸ਼ਾਇਰੀ ਨਾਲ ਹੋਇਆ | ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਧਾਲੀਵਾਲ ਦਾ ਸਕੂਲ ਪਹੁੰਚਣ 'ਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ | ਇਸ ਉਪਰੰਤ ਪੰਜਾਬੀ ਸਭਿਆਚਾਰ ਦੀ ਪ੍ਰਤੀਕ ਪੇਸ਼ਕਾਰੀ ਜੀ ਆਇਆਂ ਨੂੰ ਗੀਤ 'ਤੇ ਦਿੱਤੀ ਗਈ, ਜਿਸ ਨੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ | ?ਵਿਸਾਖੀ ਦੇ ਇਤਿਹਾਸਕ ਮਹੱਤਵ 'ਤੇ ਚੋਟ ਪਾਉਂਦਿਆਂ 11ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ | ਅਖੀਰ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਨਾਚ ਭੰਗੜੇ ਨੇ ਪੂਰੇ ਮਾਹੌਲ ਨੂੰ ਜੋਸ਼ ਅਤੇ ਊਰਜਾ ਨਾਲ ਭਰ ਦਿੱਤਾ | ਇਸ ਮੌਕੇ ਰਿਤਿਕਾ ਪਰਮਾਰ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ | ?ਸਮਾਗਮ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੇਰਨਾਦਾਇਕ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਆਪਣੀ ਅਮੀਰ ਵਿਰਾਸਤ ਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਇਹ ਸਾਰਾ ਪ੍ਰੋਗਰਾਮ ਵਾਈਸ ਪਿ੍ੰਸੀਪਲ ਸ਼੍ਰੀਮਤੀ ਰਜਨੀ ਬਜਾਜ ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚੜਿ੍ਹਆ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ | ਇਸ ਤਰ੍ਹਾਂ ਵਿਸਾਖੀ ਦਾ ਇਹ ਦਿਹਾੜਾ ਯਾਦਗਾਰੀ ਹੋ ਨਿੱਬੜਿਆ |