ਜ਼ੀਰਾ, 16 ਅਪ੍ਰੈਲ (ਰਜਨੀਸ਼ ਕਥੂਰੀਆ)-ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਪਲਾਟ ਦਾ ਬਿਆਨਾ ਕਰਵਾ ਕੇ ਬਾਅਦ ਵਿਚ ਪਲਾਟ ਕਿਸੇ ਹੋਰ ਵਿਅਕਤੀ ਨੂੰ ਵੇਚਣ ਦੇ ਦੋਸ਼ ਵਿਚ 2 ਵਿਅਕਤੀਆਂ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਮੁੱਦਈ ਮਾਣਕ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸਾਧੂ ਵਾਲਾ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਪਿੰਡ ਵਿਚ ਇਕ ਪਲਾਟ ਦਾ ਸੌਦਾ ਕੀਤਾ ਸੀ | ਜਿਸ ਦਾ ਲਿਖਤੀ ਬਿਆਨਾ ਕੀਤਾ ਸੀ ਅਤੇ ਬਣਦੀ ਰਕਮ ਵੀ ਦੋਸ਼ੀਆਨ ਰੌਸ਼ਨ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀਆਨ ਪਿੰਡ ਸਾਧੂ ਵਾਲਾ ਨੂੰ ਅਦਾ ਕੀਤੀ ਸੀ, ਪਰ ਉਕਤ ਦੋਸ਼ੀਆਨ ਨੇ ਆਪਸ ਵਿਚ ਸਾਜ਼ ਬਾਜ਼ ਹੋ ਕੇ ਇਹ ਪਲਾਟ ਕਿਸੇ ਹੋਰ ਵਿਅਕਤੀਆਂ ਤੋਂ ਪੈਸੇ ਲੈ ਕੇ ਅੱਗੇ ਵੇਚ ਦਿੱਤਾ ਅਤੇ ਮੁੱਦਈ ਨਾਲ ਠੱਗੀ ਮਾਰੀ ਹੈ | ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਮਾਣਕ ਸਿੰਘ ਦੇ ਬਿਆਨ ਦੇ ਆਧਾਰ ਤੇ ਉਕਤ ਦੋਵੇਂ ਦੋਸ਼ੀਆਂ ਦੇ ਖ਼ਿਲਾਫ਼ ਸਾਜ਼ਿਸ਼ ਦੇ ਤਹਿਤ ਠੱਗੀ ਮਾਰਨ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |