ਮੱਖੂ, 16 ਅਪ੍ਰੈਲ (ਸੰਧੂ)-ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵਲੋਂ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਕਣਕ ਵੇਚਣ ਵਿੱਚ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਮੰਡੀ ਵਿੱਚ ਚੱਲ ਰਹੇ ਢਿੱਲੇ ਖ਼ਰੀਦ ਪ੍ਰਬੰਧਾਂ 'ਤੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਅਕਾਲੀ ਦਲ ਦੀ ਸਰਕਾਰ ਚੇਤੇ ਆ ਰਹੀ ਹੈ ਕਿਉਂਕਿ ਕਿਸਾਨਾਂ ਦੇ ਹੱਕ ਦੀ ਗੱਲ ਸਿਰਫ਼ ਅਕਾਲੀ ਦਲ ਵਲੋਂ ਹੀ ਸਹੀ ਤਰੀਕੇ ਨਾਲ ਕੀਤੀ ਜਾਂਦੀ ਸੀ ਅਤੇ ਅੱਗੇ ਤੋਂ ਵੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ | ਮੰਡੀ 'ਚ ਕਣਕ ਖ਼ਰੀਦਣ ਦੇ ਪ੍ਰਬੰਧ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਕਈ ਦਿਨਾਂ ਤੱਕ ਉਡੀਕ ਕਰਨੀ ਪੈਂਦੀ ਹੈ ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਹਨ | ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਨੇ ਇਸ ਮੌਕੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਮੰਡੀ ਪ੍ਰਬੰਧਾਂ ਵਿੱਚ ਗੰਭੀਰ ਖ਼ਾਮੀਆਂ ਹਨ | ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਕਿਸਾਨਾਂ ਨਾਲ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀ ਪਾਲਣਾ ਨਹੀਂ ਹੋ ਰਹੀ | ਉਨ੍ਹਾਂ ਨੇ ਮੰਗ ਕੀਤੀ ਕਿ ਖ਼ਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਅਤੇ ਕਿਸਾਨਾਂ ਦੀ ਫ਼ਸਲ ਬਿਨਾਂ ਕਿਸੇ ਦੇਰੀ ਤੋਂ ਖ਼ਰੀਦੀ ਜਾਵੇ | ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਡੀ ਪ੍ਰਬੰਧਾਂ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਅਕਾਲੀ ਦਲ ਬਾਦਲ ਵਲੋਂ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਜਸਵੰਤ ਸਿੰਘ ਸੋਭਾ ਰਸੂਲਪੁਰ ਸਰਕਲ ਪ੍ਰਧਾਨ,ਜਥੇਦਾਰ ਸੁਖਮੰਦਰ ਸਿੰਘ ਲਹਿਰਾ, ਨੰਬਰਦਾਰ ਕੁਲਦੀਪ ਸਿੰਘ ਬਾਹਰਵਾਲੀ,ਜਸਪਾਲ ਸਿੰਘ ਤਲਵੰਡੀ ਸਾਬਕਾ ਸਰਪੰਚ,ਨਿਸ਼ਾਨ ਸਿੰਘ ਨੰਬਰਦਾਰ, ਸਰਬਜੀਤ ਸਿੰਘ ਬੂਹ,ਖੜਕ ਸਿੰਘ ਸਾਬਕਾ ਸਰਪੰਚ, ਜਸਕਰਨ ਸਿੰਘ ਨਿਹਾਲ ਕੇ,ਜੱਗਾ ਸਿੰਘ ਨੰਗਲ ਪੰਮਾ ਜੋਗੇ ਵਾਲਾ, ਕਿਰਪਾਲ ਸਿੰਘ ਨਾਮਧਾਰੀ, ਡਾ: ਤਰਸੇਮ ਸਿੰਘ ਸਾਬਕਾ ਸਰਪੰਚ ਮਰਹਾਣਾ, ਪ੍ਰਤਾਪ ਸਿੰਘ ਪੱਧਰੀ ਸਾਬਕਾ ਸਰਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਆਗੂ ਅਤੇ ਵਰਕਰ ਹਾਜ਼ਰ ਸਨ |