ਗੁਰੂਹਰਸਹਾਏ, 17 ਅਪ੍ਰੈਲ(ਕਪਿਲ ਕੰਧਾਰੀ)-ਸ਼ਹਿਰ ਦੇ ਪੁਰਾਣੇ ਬੱਸ ਅੱਡੇ ਅਤੇ ਰੇਲਵੇ ਪੁਲ ਦੇ ਆਸ-ਪਾਸ ਸਥਿਤ ਮਾਰਕੀਟ ਦੇ ਦੁਕਾਨਦਾਰਾਂ ਨੇ ਸੜਕ ਨਾ ਬਣਨ ਕਾਰਨ ਗੰਭੀਰ ਨਾਰਾਜ਼ਗੀ ਜਤਾਈ ਹੈ | ਉਨ੍ਹਾਂ ਦੱਸਿਆ ਕਿ 2 ਮਾਰਚ 2026 ਨੂੰ ਹਲਕਾ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਵਲੋਂ ਇਸ ਸੜਕ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਇਸ ਦਾ ਸੋਸ਼ਲ ਮੀਡੀਆ 'ਤੇ ਵੀ ਖੁੱਲ੍ਹ ਕੇ ਪ੍ਰਚਾਰ ਕੀਤਾ ਗਿਆ ਸੀ, ਪਰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸੜਕ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਜਿਸ ਕਾਰਨ ਸਰਕਾਰ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਵਿਸ਼ਾਲ ਸ਼ਰਮਾ, ਵਿੱਕੀ ਗੱਖੜ, ਜਿੰਮੀ ਮਨਚੰਦਾ, ਭੋਲਾ ਗਲਹੋਤਰਾ ਸਮੇਤ ਹੋਰਾਂ ਨੇ ਦੱਸਿਆ ਕਿ ਰੇਲਵੇ ਪੁਲ ਦੇ ਨਾਲ ਲੱਗਦੀ ਇਹ ਕੱਚੀ ਸੜਕ ਐੱਫ.ਸੀ.ਆਈ. ਗੁਦਾਮਾਂ, ਕਈ ਪਿੰਡਾਂ ਅਤੇ ਸ਼ਮਸ਼ਾਨ ਘਾਟ ਨੂੰ ਜਾਂਦੀ ਹੈ | ਇਸ ਸੜਕ ਦੀ ਪੱਕੀ ਤਾਮੀਰ ਲਈ ਸ਼ਹਿਰ ਵਾਸੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਮੀਂਹ ਪੈਣ 'ਤੇ ਇਹ ਕੱਚੀ ਸੜਕ ਚਿੱਕੜ ਨਾਲ ਭਰ ਜਾਂਦੀ ਹੈ | ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਨਾਲ ਦੁਕਾਨਦਾਰਾਂ ਦੇ ਕਾਰੋਬਾਰ 'ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਕੰਮ ਲਗਭਗ ਠੱਪ ਹੋ ਜਾਂਦਾ ਹੈ |ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਇਸ ਟੁੱਟੀ-ਫੁੱਟੀ ਅਤੇ ਚਿੱਕੜ ਵਾਲੀ ਸੜਕ ਰਾਹੀਂ ਸ਼ਮਸ਼ਾਨ ਘਾਟ ਤੱਕ ਜਾਣਾ ਪੈਂਦਾ ਹੈ, ਜੋ ਕਿ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਗੱਲ ਹੈ | ਸਮੂਹ ਦੁਕਾਨਦਾਰਾਂ ਨੇ ਹਲਕਾ ਵਿਧਾਇਕ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤਾਂ ਇਸ ਦੇ ਨਿਰਮਾਣ ਦਾ ਕੰਮ ਤੁਰੰਤ ਪਹਿਲ ਦੇ ਅਧਾਰ 'ਤੇ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ |