ਫਿਰੋਜ਼ਪੁਰ, 17 ਅਪ੍ਰੈਲ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਦੀ ਪੁਲਿਸ ਨੇ ਚੋਰੀਆਂ ਅਤੇ ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ ਦੋ ਵਿਅਕਤੀਆਂ ਨੂੰ ਕਾਬੂ ਕਰਕੇ 3 ਮੋਟਰਸਾਈਕਲ, ਐਕਟੀਵਾ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ | ਪੁਲਿਸ ਵਲੋਂ ਦੋਨੋਂ ਦੋਸ਼ੀਆਂ ਖ਼ਿਲਾਫ਼ ਬੀ.ਐਨ.ਐਸ.ਅਤੇ ਆਈ.ਪੀ.ਸੀ.ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੌਰਾਨੇ ਗਸ਼ਤ ਪੁਲਿਸ ਨੂੰ ਇਤਲਾਹ ਮਿਲੀ ਕਿ ਦੋਸ਼ੀ ਕਾਲਾ ਉਰਫ਼ ਸਾਜਨ ਅਤੇ ਦੀਪਕ ਉਰਫ਼ ਖੰਡੀ ਮੋਟਰਸਾਈਕਲ ਚੋਰੀ ਕਰਨ ਅਤੇ ਮੋਬਾਈਲ ਫੋਨ ਖੋਹ ਕੇ ਅੱਗੇ ਵੇਚਣ ਦੇ ਆਦੀ ਹਨ | ਇਤਲਾਹ ਅਨੁਸਾਰ ਦੋਨੋਂ ਬਸਤੀ ਭੱਟੀਆਂ ਵਾਲੀ ਤੋਂ ਅੱਗੇ ਝਾੜੀਆਂ ਕੋਲ ਮੌਜੂਦ ਸਨ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ 'ਤੇ ਰੇਡ ਕਰਕੇ ਦੋਨੋਂ ਨੂੰ ਕਾਬੂ ਕਰ ਲਿਆ | ਦੋਸ਼ੀਆਂ ਦੀ ਪਹਿਚਾਣ ਕਾਲਾ ਉਰਫ਼ ਸਾਜਨ ਪੁੱਤਰ ਅਨੈਤ ਵਾਸੀ ਦਾਣਾ ਮੰਡੀ ਨੇੜੇ ਮਾਰਕੀਟ ਕਮੇਟੀ ਦਫ਼ਤਰ ਫਿਰੋਜ਼ਪੁਰ ਸ਼ਹਿਰ ਅਤੇ ਦੀਪਕ ਉਰਫ਼ ਖੰਡੀ ਵਾਸੀ ਨਾਨਕਪੁਰਾ ਮਹੱਲਾ,ਬੋਹੜੇ ਐਮ.ਸੀ ਵਾਲੀ ਗਲੀ, ਫਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ | ਪੁਲਿਸ ਨੇ ਉਨ੍ਹਾਂ ਕੋਲੋਂ ਤਿੰਨ ਮੋਟਰਸਾਈਕਲ, ਇਕ ਐਕਟੀਵਾ ਅਤੇ ਪੰਜ ਖੋਹ ਕੀਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਨੋਂ ਦੋਸ਼ੀਆਂ ਤੋਂ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਪੁੱਛਗਿੱਛ ਜਾਰੀ ਹੈ |