ਗੁਰੂਹਰਸਹਾਏ, 18 ਅਪ੍ਰੈਲ (ਕਪਿਲ ਕੰਧਾਰੀ)-ਸ਼ਹਿਰ ਵਿਚ ਲੱਗ ਰਹੇ ਲਗਾਤਾਰ ਬਿਜਲੀ ਕੱਟਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਗਰਮੀ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈ ਪਰ ਇਸ ਤੋਂ ਪਹਿਲਾਂ ਹੀ ਬਿਜਲੀ ਮਹਿਕਮੇ ਵਲੋਂ ਅਣਗਿਣਤ ਕੱਟ ਲਗਾਏ ਜਾ ਰਹੇ ਹਨ | ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਿਲੀ ਜਾਣਕਾਰੀ ਮੁਤਾਬਿਕ ਬਿਜਲੀ ਮਹਿਕਮੇ ਵਲੋਂ ਲੋਕਾਂ ਨੂੰ ਬਿਜਲੀ ਸਬੰਧੀ ਜਾਣਕਾਰੀ ਦੇਣ ਲਈ ਇੱਕ ਵਟਸ ਐਪ ਗਰੁੱਪ ਵੀ ਬਣਾਇਆ ਗਿਆ ਹੈ | ਜਿਸ ਵਿਚ ਬਿਜਲੀ ਕੱਟਾਂ ਦਾ ਸਮਾਂ ਸਾਂਝਾ ਕੀਤਾ ਜਾਂਦਾ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਦਿੱਤੇ ਗਏ ਸਮੇਂ ਦੇ ਬਾਵਜੂਦ ਕੱਟ ਖ਼ਤਮ ਨਹੀਂ ਹੁੰਦੇ | ਸਗੋਂ ਵਾਰ-ਵਾਰ ਉਸ ਸਮੇਂ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ, ਜਿਸ ਨਾਲ ਦਿਨਚਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਸ਼ਹਿਰ ਨਿਵਾਸੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਰਾਜ ਵਿਚ ਬਿਜਲੀ ਵਾਧੂ ਮਾਤਰਾ ਵਿਚ ਉਪਲਬਧ ਹੈ ਅਤੇ ਲੋਕਾਂ ਨੂੰ 24 ਘੰਟੇ ਬਿਨਾ ਰੁਕਾਵਟ ਸਪਲਾਈ ਦਿੱਤੀ ਜਾਵੇਗੀ, ਪਰ ਦੂਜੇ ਪਾਸੇ ਹਕੀਕਤ ਇਸ ਤੋਂ ਉਲਟ ਨਜ਼ਰ ਆ ਰਹੀ ਹੈ | ਲਗਾਤਾਰ ਲੱਗ ਰਹੇ ਕੱਟ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਖੜੇ ਕਰ ਰਹੇ ਹਨ | ਲੋਕਾਂ ਨੇ ਦੱਸਿਆ ਕਿ ਕੱਲ੍ਹ ਬਿਜਲੀ ਮਹਿਕਮੇ ਵਲੋਂ ਸ਼ਾਮ ਨੂੰ 7 ਵਜੇ ਦੇ ਕਰੀਬ ਬਿਜਲੀ ਬੰਦ ਕੀਤੀ ਗਈ ਅਤੇ ਰਾਤ 7:50 ਤੇ ਚੱਲਣ ਦਾ ਸਮਾਂ ਪਾਇਆ ਗਿਆ ਪ੍ਰੰਤੂ ਉਸ ਤੋਂ ਬਾਅਦ ਕੱਟ ਦਾ ਸਮਾਂ ਲਗਾਤਾਰ ਵਾਰ ਵਾਰ ਵਧਾਇਆ ਗਿਆ ਅਤੇ ਰਾਤ ਨੂੰ ਇੱਕ ਦੋ ਵਜੇ ਦੇ ਕਰੀਬ ਬਿਜਲੀ ਸਪਲਾਈ ਚਾਲੂ ਕੀਤੀ ਗਈ ਤੇ ਸਵੇਰੇ 5:30 ਵਜੇ ਦੇ ਕਰੀਬ ਫਿਰ ਬਿਜਲੀ ਬੰਦ ਕਰ ਦਿੱਤੀ ਗਈ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਜਦੋਂ ਬਿਜਲੀ ਮਹਿਕਮੇ ਦੇ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਕੱਟ ਉੱਪਰਲੇ ਅਧਿਕਾਰੀਆਂ ਵਲੋਂ ਪਟਿਆਲਾ ਤੋਂ ਲਗਾਏ ਜਾਂਦੇ ਹਨ | ਜਿਵੇਂ ਹੀ ਉਨ੍ਹਾਂ ਨੂੰ ਲਾਈਨ ਬੰਦ ਕਰਨ ਲਈ ਹੁਕਮ ਮਿਲਦਾ ਹੈ | ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰੂਹਰਸਹਾਏ ਹਲਕੇ ਵਿਚ ਬਿਜਲੀ ਬਿੱਲਾਂ ਦੇ ਬਕਾਏ ਕਾਫ਼ੀ ਵੱਧ ਹਨ ਅਤੇ ਇਲਾਕਾ Tਹਾਈ ਲਾਸUਸ਼੍ਰੇਣੀ ਵਿਚ ਆਉਂਦਾ ਹੈ | ਜਿਸ ਕਰਕੇ ਇੱਥੇ ਵੱਧ ਕੱਟ ਲਗਾਏ ਜਾਂਦੇ ਹਨ | ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਬਿਜਲੀ ਦੇ ਬਿਲ ਪੂਰੇ ਭਰਦੇ ਹਨ, ਉਨ੍ਹਾਂ ਦੀ ਬਿਜਲੀ ਕਿਉਂ ਬੰਦ ਕੀਤੀ ਜਾਂਦੀ ਹੈ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਿਜਲੀ ਮਹਿਕਮਾ ਅਤੇ ਸਰਕਾਰ ਇਸ ਸਮੱਸਿਆ ਦਾ ਤੁਰੰਤ ਹੱਲ ਕੱਢਣ ਅਤੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਪੱਕੇ ਕਦਮ ਚੁੱਕਣ, ਤਾਂ ਜੋ ਗਰਮੀ ਦੇ ਮੌਸਮ ਵਿਚ ਉਨ੍ਹਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ |