ਫ਼ਾਜ਼ਿਲਕਾ, 19 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨੇ ਦੋ ਕਿਸਾਨ ਭਰਾਵਾਂ ਦੀ ਚਾਰ ਏਕੜ ਖੜ੍ਹੀ ਕਣਕ ਦੀ ਫ਼ਸਲ ਨੂੰ ਪਲਾਂ ਵਿਚ ਰਾਖ ਕਰ ਦਿੱਤਾ | ਇਸ ਹਾਦਸੇ ਨੇ ਨਾ ਸਿਰਫ਼ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ 'ਤੇ ਪਾਣੀ ਫੇਰਿਆ ਸਗੋਂ ਉਨ੍ਹਾਂ ਦੇ ਪਰਿਵਾਰ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਵੀ ਖੜ੍ਹਾ ਕਰ ਦਿੱਤਾ ਹੈ | ਪੀੜਤ ਕਿਸਾਨ ਜਰਨੈਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਆਪਣੇ ਭਰਾ ਨਾਲ ਮਿਲ ਕੇ ਚਾਰ ਏਕੜ ਜ਼ਮੀਨ 'ਤੇ ਖੇਤੀ ਕਰਦੇ ਹਨ | ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਸੀ ਅਤੇ ਉਹ ਕਟਾਈ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਬਿਜਲੀ ਦੀਆਂ ਤਾਰਾਂ ਵਿਚੋਂ ਨਿਕਲੀ ਚਿੰਗਾਰੀ ਨੇ ਪੂਰੇ ਖੇਤ ਨੂੰ ਅੱਗ ਦੀ ਲਪੇਟ ਵਿਚ ਲੈ ਲਿਆ | ਹਾਲਾਤ ਇੰਨੇ ਮਾੜੇ ਹਨ ਕਿ ਕਿਸਾਨ ਦੇ ਘਰ ਹੁਣ ਖਾਣ ਲਈ ਕਣਕ ਦਾ ਇਕ ਦਾਣਾ ਵੀ ਨਹੀਂ ਬਚਿਆ | ਇਸੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਗੁਆਂਢੀ ਕਿਸਾਨ ਗੁਰਚਰਨ ਸਿੰਘ ਦੀ ਵੀ 4 ਕਨਾਲ ਫ਼ਸਲ ਸੜ ਗਈ | ਇਸ ਦੁਖਦਾਈ ਘੜੀ ਵਿਚ ਪਿੰਡ ਵਾਸੀਆਂ ਨੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ | ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕਰੀਬ ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਜਮ੍ਹਾਂ ਕੀਤੀ ਅਤੇ ਪੀੜਤ ਪਰਿਵਾਰ ਨੂੰ ਸੌਂਪੀ ਤਾਂ ਜੋ ਉਨ੍ਹਾਂ ਦੀ ਤੁਰੰਤ ਮਦਦ ਹੋ ਸਕੇ | ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਬਾਰਡਰ ਰੋਡ 'ਤੇ ਬਣ ਰਹੇ ਫਲਾਈਓਵਰ ਕਾਰਨ ਰੇਲਵੇ ਫਾਟਕ ਬੰਦ ਹੈ, ਜਿਸ ਕਾਰਨ ਫਾਇਰ ਬਿ੍ਗੇਡ ਦੀ ਗੱਡੀ ਸਮੇਂ ਸਿਰ ਨਹੀਂ ਪਹੁੰਚ ਸਕੀ | ਜੇਕਰ ਰਸਤਾ ਖੁੱਲ੍ਹਾ ਹੁੰਦਾ ਤਾਂ ਨੁਕਸਾਨ ਘਟਾਇਆ ਜਾ ਸਕਦਾ ਸੀ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਜੰਟ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ | ਫਲਾਈਓਵਰ ਦਾ ਰਸਤਾ ਜਲਦ ਚਾਲੂ ਕੀਤਾ ਜਾਵੇ | ਪੀੜਤ ਕਿਸਾਨਾਂ ਨੂੰ ਬਣਦਾ ਉਚਿੱਤ ਮੁਆਵਜ਼ਾ ਦਿੱਤਾ ਜਾਵੇ |