ਮੱਲਾਂਵਾਲਾ, 20 ਅਪ੍ਰੈਲ (ਬਲਬੀਰ ਸਿੰਘ ਜੋਸਨ )-ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਅੱਜ ਬਲਾਕ ਮੱਲਾਂਵਾਲਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ | ਇਸ ਮੌਕੇ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਵਲੋਂ 4 ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਜਿਨ੍ਹਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਅਲੀਪੁਰ, ਪਿੰਡ ਜੌੜਾ, ਘੁੱਦੂਵਾਲਾ, ਕੁਹਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਸਾਹਿਬ ਵਿਚ ਤਕਰੀਬਨ 50 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੇ ਗਏ ਪੰਜ ਨਵੇਂ ਕਲਾਸ ਕਮਰਿਆਂ ਦਾ ਉਦਘਾਟਨ ਕਰਕੇ ਇਹ ਸਹੂਲਤਾਂ ਬੱਚਿਆਂ ਨੂੰ ਸਮਰਪਿਤ ਕੀਤੀਆਂ ਗਈਆਂ | ਵਿਧਾਇਕ ਕਟਾਰੀਆ ਨੇ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਟੀਚਾ ਪੰਜਾਬ ਵਿਚ ਸਿੱਖਿਆ ਪ੍ਰਣਾਲੀ ਨੂੰ ਚਰਮ ਸੀਮਾ ਤੱਕ ਲੈ ਜਾਣਾ ਹੈ | ਉਨ੍ਹਾਂ ਦੱਸਿਆ ਕਿ ਬਲਾਕ ਮੱਲਾਂਵਾਲਾ ਦੇ 64-65 ਸਕੂਲਾਂ ਵਿਚ ਜ਼ਰੂਰਤ ਅਨੁਸਾਰ ਕਮਰੇ ਅਤੇ ਚਾਰਦੀਵਾਰੀਆਂ ਲਈ ਵੱਡੇ ਪੱਧਰ 'ਤੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਹੋਰ ਕਿਹਾ ਕਿ ਸਰਕਾਰ ਵਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਆਧੁਨਿਕ ਤਰੀਕਿਆਂ ਨਾਲ ਜੋੜਨ ਲਈ ਵਿਦੇਸ਼ੀ ਟਰੇਨਿੰਗ ਟੂਰ ਵੀ ਯੋਜਨਾ ਦਾ ਹਿੱਸਾ ਹਨ | ਇਸ ਮੌਕੇ ਡੀ.ਈ.ਓ ਸੁਨੀਤਾ ਰਾਣੀ, ਬੀ.ਪੀ.ਈ.ਓ ਹਰਜੀਤ ਕੌਰ, ਸੁਖਵਿੰਦਰ ਸਿੰਘ ਸਾਬਕਾ ਡਿਪਟੀ ਡੀ.ਈ.ਓ, ਪੀਐਸਓ ਦਰਬਾਰਾ ਸਿੰਘ, ਸੈਂਟਰ ਹੈੱਡ ਟੀਚਰ ਭਾਰਤ ਪ੍ਰਤਾਪ, ਸੁਨੀਲ ਕੁਮਾਰ, ਅਧਿਆਪਕ ਜੈਪਾਲ ਉੱਪਲ, ਪ੍ਰਵੀਨ ਕੁਮਾਰ, ਹਰਬੰਸ ਸਿੰਘ ਅਤੇ ਸੰਦੀਪ ਕੁਮਾਰ ਸਮੇਤ ਪਿੰਡ ਜੌੜਾ ਦੇ ਸਰਪੰਚ ਬਲਕਾਰ ਸਿੰਘ, ਨਿਸ਼ਾਨ ਸਿੰਘ ਸਰਪੰਚ ਅਲੀਪੁਰ, ਗੁਰਸੇਵਕ ਸਿੰਘ ਕੁਹਾਲਾ, ਚੇਅਰਮੈਨ ਬਲਦੇਵ ਸਿੰਘ, ਪਰਮਜੀਤ ਸਿੰਘ ਪੀਹੇ ਵਾਲੀ, ਸਰਪੰਚ ਬਬੀ ਸ਼ਾਹ, ਸਰਪੰਚ ਸੋਨੰੂ ਬੈਹਿਕ ਫੱਤੂ, ਬਲਾਕ ਸਮਿਤੀ ਮੈਂਬਰ ਸੰਦੀਪ ਸਿੰਘ ਅਤੇ ਹੋਰ ਪੰਚਾਇਤੀ ਨੁਮਾਇੰਦੇ ਵੀ ਹਾਜ਼ਰ ਸਨ |