ਜ਼ੀਰਾ, 20 ਅਪ੍ਰੈਲ (ਰਜਨੀਸ਼ ਕਥੂਰੀਆ)-ਤਹਿਸੀਲ ਜ਼ੀਰਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਅੱਗ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਘੱਟੋ-ਘੱਟ 200 ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਈ | ਜਿਸ ਨਾਲ ਕਈ ਕਿਸਾਨ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੋੜਾ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਨੁਕਸਾਨ ਕਿਸਾਨਾਂ ਲਈ ਬਹੁਤ ਵੱਡਾ ਝਟਕਾ ਹੈ | ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਨੇ ਆੜ੍ਹਤੀਆਂ ਕੋਲੋਂ ਉਧਾਰ ਲੈ ਕੇ ਬੜੀ ਮੁਸ਼ਕਿਲ ਨਾਲ ਫਸਲ ਤਿਆਰ ਕੀਤੀ ਸੀ, ਜੋ ਹੁਣ ਅੱਗ ਦੀ ਭੇਟ ਚੜ੍ਹ ਗਈ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸੜੀ ਹੋਈ ਕਣਕ ਅਤੇ ਨਾੜ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਪ੍ਰਤੀ ਕਿੱਲਾ 50 ਤੋਂ 60 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਪ੍ਰਭਾਵਿਤ ਪਰਿਵਾਰ ਆਪਣੇ ਬੱਚਿਆਂ ਦੀ ਸਕੂਲ ਫ਼ੀਸ ਅਤੇ ਘਰ ਦਾ ਰੋਜ਼ਾਨਾ ਖਰਚਾ ਚਲਾ ਸਕਣ | ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਕਈ ਥਾਵਾਂ 'ਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਤੋਂ ਚਿੰਗਾਰੀਆਂ ਡਿੱਗਣ ਕਾਰਨ ਅੱਗ ਲੱਗੀ ਜਿਸ ਨਾਲ ਇਹ ਵੱਡਾ ਨੁਕਸਾਨ ਹੋਇਆ | ਉਨ੍ਹਾਂ ਸਰਕਾਰ ਅਤੇ ਬਿਜਲੀ ਵਿਭਾਗ ਕੋਲੋਂ ਮੰਗ ਕੀਤੀ ਕਿ ਇਲਾਕੇ ਵਿੱਚ ਜਿੱਥੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ | ਉਨ੍ਹਾਂ ਨੂੰ ਤੁਰੰਤ ਕੱਸਿਆ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ |