ਤਲਵੰਡੀ ਭਾਈ, 22 ਅਪ੍ਰੈਲ(ਰਵਿੰਦਰ ਸਿੰਘ ਬਜਾਜ)-ਸੀ.ਆਈ.ਐੱਸ.ਸੀ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਚ ਵਿਸ਼ਵ ਧਰਤੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਖ਼ਾਸ ਅਸੈਂਬਲੀ ਕਰਵਾਈ ਗਈ | ਸਿਮਰਨਜੀਤ ਕੌਰ ਨੇ ਧਰਤੀ ਨੂੰ ਬਚਾਉਣ ਬਾਰੇ ਸੁੰਦਰ ਕਵਿਤਾ ਪੇਸ਼ ਕੀਤੀ | ਤੀਸਰੀ ਜਮਾਤ ਦੀ ਏਕਮਜੋਤ ਕੌਰ, ਚੌਥੀ ਜਮਾਤ ਦੇ ਰਕਸ਼ਿਤ ਅਤੇ ਪੰਜਵੀਂ ਜਮਾਤ ਦੀ ਸਤਲੀਨ ਕੌਰ ਨੇ ਵੀ ਧਰਤੀ ਬਾਰੇ ਕਵਿਤਾਵਾਂ ਸੁਣਾਈਆਂ | ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਵਰਤੋਂ ਹੋ ਚੁੱਕੀਆਂ ਚੀਜ਼ਾਂ ਨਾਲ ਨਵੀਆਂ ਤੇ ਕੰਮ ਦੀਆਂ ਚੀਜ਼ਾਂ ਬਣਾਈਆਂ ਅਤੇ ਬੇਲੋੜੀਆਂ ਚੀਜ਼ਾਂ ਨੂੰ ਘੱਟ ਕਰਨ ਦਾ ਸੰਦੇਸ਼ ਦਿੱਤਾ | ਅਧਿਆਪਕਾਂ ਨੇ ਵੀ ਭਾਸ਼ਣ ਰਾਹੀਂ ਬੱਚਿਆਂ ਨੂੰ ਸਮਝਾਇਆ ਕਿ ਸਾਨੂੰ ਬਿਜਲੀ ਅਤੇ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਧਰਤੀ ਦੀ ਸੰਭਾਲ ਕਰਨੀ ਚਾਹੀਦੀ ਹੈ, ਕਿਉਂਕਿ ਧਰਤੀ ਕਰਕੇ ਹੀ ਸਾਡੀ ਜ਼ਿੰਦਗੀ ਹੈ | ਕਿੰਡਰ ਗਾਰਡਨ, ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੇ ਵੀ ਆਪਣੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਜਾਗਰੂਕਤਾ ਗਤੀਵਿਧੀਆਂ ਵਿਚ ਹਿੱਸਾ ਲਿਆ | ਇਸ ਪੋ੍ਰਗਰਾਮ ਨੇ ਸਭ ਨੂੰ ਇਹ ਸੰਦੇਸ਼ ਦਿੱਤਾ ਕਿ ਸਾਨੂੰ ਆਪਣੀ ਧਰਤੀ ਨੂੰ ਬਚਾਉਣਾ ਚਾਹੀਦਾ ਹੈ, ਕਿਉਂਕਿ ਇਹ ਸਾਡਾ ਘਰ ਹੈ | ਸਕੂਲ ਦੇ ਪਿ੍ੰਸੀਪਲ ਵਿਜੇ ਸਕਲਾਨੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪੋ੍ਰਗਰਾਮ ਵਿਦਿਆਰਥੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਬੰਧੀ ਜਾਗਰੂਕ ਕਰਦੇ ਹਨ | ਇਸ ਮੌਕੇ ਸਮੂਹ ਅਧਿਆਪਕ ਸੁਰੇਸ਼ ਠਾਕੁਰ, ਡਿੰਪਲ ਕੁਮਾਰ, ਅੰਜਲੀ, ਈਸ਼ਾ, ਕਿਰਨ ਅਤੇ ਵਿਦਿਆਰਥੀ ਹਾਜ਼ਰ ਸਨ |