ਫ਼ਾਜ਼ਿਲਕਾ, 22 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਜਨ ਸੇਵਾ ਸੁਸਾਇਟੀ ਵੱਲੋਂ ਗਰਮੀ ਦੇ ਵਧਦੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਲਈ ਮੁਫ਼ਤ ਠੰਢੇ ਜਲ ਦੀ ਸੇਵਾ ਵਾਲਾ ਵਾਹਨ ਸ਼ੁਰੂ ਕੀਤਾ ਗਿਆ ਹੈ | ਸੁਸਾਇਟੀ ਵਲੋਂ ਇਹ ਸੇਵਾ ਲਗਾਤਾਰ ਚੌਥੇ ਸਾਲ ਸ਼ੁਰੂ ਕੀਤੀ ਗਈ ਹੈ | ਸੁਸਾਇਟੀ ਦੇ ਸਕੱਤਰ ਆਕਾਸ਼ ਡੋਡਾ ਅਤੇ ਇੰਚਾਰਜ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਆਮ ਤੌਰ 'ਤੇ ਇਹ ਜਲ ਸੇਵਾ 1 ਮਈ ਤੋਂ ਸ਼ੁਰੂ ਕੀਤੀ ਜਾਂਦੀ ਸੀ ਪਰ ਇਸ ਵਾਰ ਅਪ੍ਰੈਲ ਮਹੀਨੇ ਵਿਚ ਹੀ ਗਰਮੀ ਵਧਣ ਕਾਰਨ ਲੋਕਾਂ ਦੀ ਸਹੂਲਤ ਲਈ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਚਾਲੂ ਕਰ ਦਿੱਤਾ ਗਿਆ ਹੈ | ਪ੍ਰਧਾਨ ਰਮਨ ਸੇਤੀਆ ਅਤੇ ਖ਼ਜ਼ਾਨਚੀ ਸੁਨੀਲ ਡੇਅ ਨੇ ਕਿਹਾ ਕਿ ਸਰਕਾਰੀ ਹਸਪਤਾਲ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸਬਜ਼ੀ ਮੰਡੀ ਅਤੇ ਬਾਜ਼ਾਰਾਂ ਵਰਗੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਭਾਰੀ ਕਿੱਲਤ ਰਹਿੰਦੀ ਹੈ, ਜਿਸ ਨੂੰ ਇਹ ਵਾਹਨ ਪੂਰਾ ਕਰੇਗਾ | ਸੁਸਾਇਟੀ ਅਨੁਸਾਰ ਇਸ ਵਾਹਨ ਰਾਹੀਂ ਰਾਹਗੀਰਾਂ ਨੂੰ ਪੂਰੀ ਤਰ੍ਹਾਂ ਫ਼ਿਲਟਰ ਕੀਤਾ ਹੋਇਆ ਅਤੇ ਸ਼ੁੱਧ ਠੰਢਾ ਜਲ ਉਪਲਬਧ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਸੰਦੀਪ ਸਚਦੇਵਾ, ਸੰਦੀਪ ਕਟਾਰੀਆ ਅਤੇ ਵਾਹਨ ਡਰਾਈਵਰ ਧਰਮ ਸਿੰਘ ਵੀ ਹਾਜ਼ਰ ਸਨ |