ਫ਼ਿਰੋਜ਼ਪੁਰ, 22 ਅਪ੍ਰੈਲ (ਗੁਰਿੰਦਰ ਸਿੰਘ)-ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ Tਸਪਿਕ ਮੈਕੈUਦੇ ਅਧੀਨ ਇੱਕ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਗੋਲਡਨ ਐਰੋ ਫੈਮਲੀ ਵੈੱਲਫੇਅਰ ਐਸੋਸੀਏਸ਼ਨ ਦੀ ਚੇਅਰਪਰਸਨ ਗੀਤਾਂਜਲੀ ਮਨਰਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੀ ਸੀਨੀਅਰ ਡਾਇਰੈਕਟਰ ਅਕੈਡਮਿਕ ਡਾ. ਰਾਗਿਨੀ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਸਕੂਲ ਦੀ ਪਿ੍ੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਅੱਠਵੀਂ ਤੋਂ ਗਿਆਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਨੇ ਨਾ ਸਿਰਫ਼ ਸੰਗੀਤ ਦੀਆਂ ਸੁਰੀਲੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ, ਸਗੋਂ ਪੂਰੇ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਜਿਗਿਆਸਾ ਅਤੇ ਸਰਗਰਮ ਭਾਗੀਦਾਰੀ ਵੀ ਦੇਖਣਯੋਗ ਰਹੀ | ਇਸ ਸਮਾਗਮ ਦਾ ਮੁੱਖ ਆਕਰਸ਼ਨ ਅੰਤਰਰਾਸ਼ਟਰੀ ਵਿਖਿਆਤੀ ਪ੍ਰਾਪਤ ਸ਼ਾਸਤਰੀ ਸਲਾਈਡ ਗਿਟਾਰ ਵਾਦਕ ਵਿਦੂ ਸ਼੍ਰੀ ਡਾ. ਕਮਲਾ ਸ਼ੰਕਰ ਦੀ ਮਨਮੋਹਕ ਪੇਸ਼ਕਾਰੀ ਰਹੀ | ਉਨ੍ਹਾਂ ਨੇ ਆਪਣੀਆਂ ਸੁਰੀਲੀਆਂ ਧੁਨਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ | ਉਨ੍ਹਾਂ ਦੇ ਨਾਲ ਪ੍ਰਸਿੱਧ ਤਬਲਾ ਵਾਦਕ ਪੰਡਿਤ ਦੁਰਜਯ ਭੌਮਿਕ ਨੇ ਸੁੰਦਰ ਸਾਥ ਦਿੱਤਾ | ਜਿਸ ਨਾਲ ਪ੍ਰੋਗਰਾਮ ਦੀ ਰੌਣਕ ਹੋਰ ਵਧ ਗਈ | ਦੋਹਾਂ ਕਲਾਕਾਰਾਂ ਨੇ ਆਪਣੀ ਕਲਾ ਰਾਹੀਂ ਭਾਰਤੀ ਸ਼ਾਸਤਰੀ ਸੰਗੀਤ ਦੀ ਗਹਿਰਾਈ ਅਤੇ ਖ਼ੂਬਸੂਰਤੀ ਨੂੰ ਜੀਵੰਤ ਕੀਤਾ | ਇੰਟਰ ਐਕਟਿਵ ਸੈਸ਼ਨ ਦੌਰਾਨ ਡਾ. ਕਮਲਾ ਸ਼ੰਕਰ ਨੇ ਗੁਰੂ-ਸ਼ਿਸ਼ ਪਰੰਪਰਾ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਸ਼ਾਸਤਰੀ ਸੰਗੀਤ ਵਿਚ ਨਿਪੁੰਨਤਾ ਹਾਸਲ ਕਰਨ ਲਈ ਲਗਨ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਬਹੁਤ ਜ਼ਰੂਰੀ ਹੈ | ਅੰਤ ਵਿਚ ਪਿ੍ੰਸੀਪਲ ਡਾ. ਰੁਚੀ ਪਾਂਡੇ, ਗੀਤਾਂਜਲੀ ਮਨਰਾਲ ਅਤੇ ਡਾ. ਰਾਗਿਨੀ ਗੁਪਤਾ ਵਲੋਂ ਕਲਾਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ |