ਖੋਸਾ ਦਲ ਸਿੰਘ, 22 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ)-ਐੱਸ.ਐੱਸ.ਐਮ. ਗਰੁੱਪ ਆਫ਼ ਸਕੂਲ, ਕੱਸੋਆਣਾ ਵਿਖੇ 'ਵਿਸ਼ਵ ਧਰਤੀ ਦਿਵਸ' ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਕੂਲ ਦੀ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਨੂੰ ਹਰਾ-ਭਰਿਆ ਬਣਾਉਣ ਦਾ ਅਹਿਦ ਲਿਆ | ਸਮਾਗਮ ਦੀ ਸ਼ੁਰੂਆਤ 'ਮੂਲ ਮੰਤਰ' ਦੇ ਜਾਪ ਨਾਲ ਹੋਈ | ਇਸ ਮੌਕੇ ਨੌਵੀਂ ਜਮਾਤ ਦੀ ਵਿਦਿਆਰਥਣ ਹਰਗੁਣ ਕੌਰ ਨੇ ਵਾਤਾਵਰਨ ਨੂੰ ਬਚਾਉਣ ਸਬੰਧੀ ਭਾਸ਼ਣ ਦਿੱਤਾ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਗੁਰਸੀਰਤ ਕੌਰ ਨੇ ਕੁਦਰਤ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ | ਸਮਾਗਮ ਦਾ ਮੁੱਖ ਖਿੱਚ ਦਾ ਕੇਂਦਰ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਨਾਟਕ 'ਧਰਤੀ ਮੰਗੇ ਸਕੂਨ' ਰਿਹਾ | ਜਿਸ ਰਾਹੀਂ ਮਨੁੱਖ ਵਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਅਤੇ ਇਸ ਦੇ ਮਾੜੇ ਪ੍ਰਭਾਵਾਂ ਨੂੰ ਬਾਖ਼ੂਬੀ ਦਰਸਾਇਆ ਗਿਆ | ਇਸ ਨਾਟਕ ਦੀ ਤਿਆਰੀ ਗਤੀਵਿਧੀ ਇੰਚਾਰਜ ਗੁਰਪ੍ਰੀਤ ਸਿੰਘ ਵਲੋਂ ਕਰਵਾਈ ਗਈ ਸੀ | ਸੰਸਥਾ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਕੂੜੇ-ਕਰਕਟ ਦਾ ਸਹੀ ਨਿਪਟਾਰਾ ਕਰਨ ਅਤੇ ਧਰਤੀ ਨੂੰ ਖ਼ੂਬਸੂਰਤ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਸਕੂਲ ਕੈਂਪਸ ਵਿਚ ਵੱਖ-ਵੱਖ ਕਿਸਮਾਂ ਦੇ ਪੌਦੇ ਵੀ ਲਗਾਏ ਗਏ | ਸਮਾਗਮ ਦੇ ਅਖੀਰ ਵਿਚ ਨੌਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਦੀ ਸਹੁੰ ਚੁਕਾਈ | ਇਸ ਸਮਾਰੋਹ ਦਾ ਸਫਲ ਆਯੋਜਨ ਪਿ੍ੰਸੀਪਲ ਸਿਮਰਨਜੀਤ ਕੌਰ ਸੀ.ਬੀ.ਐੱਸ.ਈ, ਪਿ੍ੰਸੀਪਲ ਰਵਿੰਦਰ ਕੋਹਲੀ (ਪ.ਸ.ਸ.ਬ)ਅਤੇ ਮੈਡਮ ਸੰਗੀਤਾ ਪ੍ਰਾਇਮਰੀ ਵਿੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤਾ ਗਿਆ |