ਮੱਖੂ, 23 ਅਪ੍ਰੈਲ (ਵਰਿੰਦਰ ਮਨਚੰਦਾ)-ਬੀਤੇ ਦਿਨੀਂ ਕਸਬਾ ਮੱਖੂ ਦੇ ਅਧੀਨ ਆਉਂਦੇ ਪਿੰਡ ਭੂਤੀ ਵਾਲਾ ਵਿਖੇ ਕਿਸਾਨ ਭਰਾਵਾਂ ਦੀ ਕਣਕ ਅੱਗ ਦੀ ਲਪੇਟ 'ਚ ਆਉਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ | ਜਿਸ ਕਾਰਨ ਕਿਸਾਨਾਂ ਦੀ ਕਾਫ਼ੀ ਆਰਥਿਕ ਪੱਖੋਂ ਨੁਕਸਾਨ ਹੋਇਆ ਸੀ | ਪੀੜਤ ਕਿਸਾਨਾਂ ਨਾਲ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਵਲੋਂ ਆਪਣੀ ਟੀਮ ਨਾਲ ਪਹੁੰਚ ਕੇ ਦੁੱਖ ਵੰਡਾਇਆ ਗਿਆ ਸੀ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ | ਇਸੇ ਦੇ ਚੱਲਦਿਆਂ ਅੱਜ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਆਪਣੀ ਪੂਰੀ ਟੀਮ ਨਾਲ ਆਪਣੀ ਭੂਆ ਦੇ ਪੁੱਤ ਯੂਥ ਆਗੂ ਮਨੀ ਗਿੱਲ ਚੱਕਿਆਂ , ਮੋਹਣ ਸਿੰਘ ਚੱਕੀਆਂ ਦੇ ਗ੍ਰਹਿ ਵਿਖੇ ਪਹੁੰਚੇ | ਜਿੱਥੇ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਾਲ ਮਿਲ ਕੇ ਆਪਣੇ ਕੀਤੇ ਵਾਅਦੇ ਮੁਤਾਬਿਕ ਕਰੀਬ 17 ਏਕੜ ਫ਼ਸਲ ਦੇ ਹੋਏ ਨੁਕਸਾਨ ਦਾ ਪ੍ਰਤੀ ਏਕੜ 7500 ਰੁਪਏ ਕਿਸਾਨ ਭਰਾਵਾਂ ਨੂੰ ਦਿੱਤਾ ਗਿਆ | ਗੱਲਬਾਤ ਕਰਦਿਆਂ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨਾਂ ਦੀ ਇਹ ਵੱਡੀ ਹਾਨੀ ਹੈ ਅਤੇ ਸਰਕਾਰ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਤੀ ਏਕੜ ਵਧੀਆ ਮੁਆਵਜ਼ਾ ਦੇ ਕੇ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਸੰਕਟ ਤੋਂ ਬਚਾਇਆ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲ ਅੱਗ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਪਰ ਸਰਕਾਰ ਵਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ | ਇਸ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ |