ਤਲਵੰਡੀ ਭਾਈ, 23 ਅਪ੍ਰੈਲ (ਰਵਿੰਦਰ ਸਿੰਘ ਬਜਾਜ)-ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੀ ਇਕਾਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏ ਵਾਲਾ ਬਲਾਕ ਘੱਲ ਖ਼ੁਰਦ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਭਾਰਤ ਸਕਾਊਟ ਐਂਡ ਗਾਈਡਜ਼ ਓਾਕਾਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘੱਲ ਖ਼ੁਰਦ ਅੰਮਿ੍ਤਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਸਕੂਲ ਵਿਚ ਵਿਸ਼ਵ ਧਰਤੀ ਦਿਵਸ ਅਤੇ ਜਲ ਪੰਦਰ੍ਹਵਾੜਾ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਜਲ ਪੰਦਰ੍ਹਵਾੜਾ 2026 ਤਹਿਤ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਕਰਨ, ਪਾਣੀ ਦੀ ਸੰਜਮ ਨਾਲ ਵਰਤੋਂ ਕਰਨ, ਵਰਖਾ ਦੇ ਪਾਣੀ ਦੀ ਸੰਭਾਲ ਕਰਨ ਅਤੇ ਜਲ ਦੀ ਹਰ ਬੂੰਦ ਕੀਮਤੀ ਹੈ | ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਮਾਪਿਆਂ ਨੂੰ ਪਾਣੀ ਦੀ ਸੰਭਾਲ ਸੰਬੰਧੀ ਜਾਗਰੂਕ ਕਰਨ | ਵਿਸ਼ਵ ਧਰਤੀ ਦਿਵਸ ਦੇ ਸਬੰਧ ਵਿਚ ਵਿਦਿਆਰਥੀਆਂ ਨੂੰ 2026 ਦੇ ਥੀਮ 'ਸਾਡੀ ਤਾਕਤ, ਸਾਡੀ ਧਰਤੀ' ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਧਰਤੀ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਸੂਰਜੀ ਊਰਜਾ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ ਅਤੇ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ ਤੇ ਧਰਤੀ ਦੇ ਵਾਤਾਵਰਨ ਦੀ ਸੰਭਾਲ ਕਰਨ ਦੀ ਸਹੁੰ ਚੁਕਾਈ ਗਈ | ਇਸ ਮੌਕੇ ਸਕੂਲ ਮੁਖੀ ਪਰਮਜੀਤ ਕੌਰ, ਕੰਚਨ ਬਾਲਾ, ਸੁਖਮੰਦਰ ਸਿੰਘ, ਗੁਰਦੇਵ ਕੌਰ, ਚਰਨਜੀਤ ਕੌਰ, ਵੀਰਪਾਲ ਕੌਰ, ਸਰਵਜੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ |