ਫ਼ਿਰੋਜ਼ਪੁਰ, 23 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਫ਼ਿਰੋਜ਼ਪੁਰ ਵਿਚ 9 ਅਪ੍ਰੈਲ ਤੋਂ 23 ਅਪ੍ਰੈਲ ਤੱਕ ਪੋਸ਼ਣ ਪਖਵਾੜਾ ਮਨਾਇਆ ਗਿਆ | ਜਿਸ ਦਾ ਮੁੱਖ ਮੰਤਵ ''ਸਹੀ ਪੋਸ਼ਣ ਦੇਸ਼ ਰੋਸ਼ਣ, ਨਾ ਰਹੇ ਕੋਈ ਕੁਪੋਸ਼ਣ'' ਸੁਨੇਹੇ ਨੂੰ ਘਰ-ਘਰ ਪਹੁੰਚਾਉਣਾ ਹੈ | ਇਸ ਅਭਿਆਨ ਤਹਿਤ ਜ਼ਿਲ੍ਹਾ ਪ੍ਰੋਗਰਾਮ ਦਫਤਰ ਦੀਆਂ ਵੱਖ-ਵੱਖ ਟੀਮਾਂ ਵਲੋਂ ਆਂਗਣਵਾੜੀ ਸੈਂਟਰਾਂ ਵਿਚ ਪੋਸ਼ਣ ਸਬੰਧੀ ਗਤੀਵਿਧੀਆਂ ਜਿਵੇਂ ਕਿ ਸੀ.ਬੀ.ਈ, ਗੋਦ ਭਰਾਈ, ਅੰਨਪ੍ਰਾਸ਼ਨ, ਈ.ਸੀ.ਸੀ ਦਿਵਸ ਆਦਿ ਗਤੀਵਿਧੀਆਂ ਕੀਤੀਆਂ ਗਈਆਂ | ਇਸ ਦੇ ਨਾਲ ਹੀ ਆਉਣ ਵਾਲੇ ਗਰਮੀ ਦੇ ਮੌਸਮ ਅਤੇ ਹੀਟ ਵੇਵ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਆਪਣੇ ਖਾਣ-ਪੀਣ ਵਿਸ਼ੇਸ਼ ਕਰ ਛੋਟੇ ਬੱਚੇ ਅਤੇ ਗਰਭਵਤੀ ਮਹਿਲਾਵਾਂ ਦਾ ਖਾਸ ਧਿਆਨ ਰੱਖਣ ਲਈ ਦੱਸਿਆ ਗਿਆ | ਜਿਸ ਦੇ ਵਿਚ ਉਨ੍ਹਾਂ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਪਾਣੀ, ਨਿੰਬੂ ਪਾਣੀ, ਲੱਸੀ, ਤਾਜ਼ੀ ਸਬਜ਼ੀਆਂ ਸਲਾਦ ਆਦਿ ਖਾਣ ਦੀ ਸਲਾਹ ਦਿੱਤੀ ਗਈ | ਇਸ ਦੌਰਾਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਘਰ-ਘਰ ਜਾ ਕੇ ਬੱਚਿਆਂ ਦੀਆਂ ਮਾਤਾਵਾਂ ਨੂੰ ਸੰਤੁਲਿਤ ਆਹਾਰ, ਸਾਫ-ਸਫਾਈ ਅਤੇ ਸਿਹਤ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ | ਇਸਦੇ ਨਾਲ ਹੀ ਰੋਜ਼ਾਨਾ ਦੀਆਂ ਆਦਤਾਂ ਜਿਵੇਂ ਕਿ ਹੱਥ ਧੌਣਾਂ, ਘਰ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਬਾਰੇ ਜਾਗਰੂਕ ਕੀਤਾ | ਇਸ ਮੌਕੇ ਸੁਪਰਵਾਈਜ਼ਰ, ਆਂਗਣਵਾੜੀ ਵਰਕਰ, ਹੈਲਪਰ, ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ |