09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਕਣਕ ਦੀ ਚੁਕਾਈ ਨਾ ਹੋਣ ਕਾਰਨ ਅਨਾਜ ਮੰਡੀ ਲੱਖੋ ਕੇ ਬਹਿਰਾਮ ਦੇ ਸਾਹਮਣੇ ਫਿਰੋਜਪੁਰ-ਫਾਜਿਲਕਾ ਮਾਰਗ ਕੀਤਾ ਜਾਮ

Ad Position 21
No active advertisement
ਅਜੀਤ ਡੈਸਕ 26-04-2026
ਮਮਦੋਟ, 25 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਸਰਕਾਰੀ ਖ਼ਰੀਦ ਸ਼ੁਰੂ ਹੋਈ ਨੂੰ ਭਾਂਵੇ 25 ਦਿਨ ਬੀਤ ਗਏ ਹਨ, ਮੰਡੀਆਂ ਵਿਚ ਕਣਕ ਦੀ ਵਿੱਕਰੀ ਅਤੇ ਬੋਰੀਆਂ ਦੀ ਭਰਾਈ ਵੀ ਹੋ ਗਈ ਹੈ | ਪਰੰਤੂ ਅਨਾਜ ਮੰਡੀ ਲੱਖੋਂ ਕੇ ਬਹਿਰਾਮ ਵਿਚੋਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਗਈ ਕਰੀਬ 2 ਲੱਖ ਬੋਰੀ ਕਣਕ ਵਿਚੋਂ ਅਜੇ ਤੱਕ ਇੱਕ ਵੀ ਬੋਰੀ ਦੀ ਚੁਕਾਈ ਨਹੀਂ ਹੋਈ, ਜਿਸ ਕਾਰਨ ਕਿਸਾਨ,ਆੜ੍ਹਤੀ, ਮਜ਼ਦੂਰ ਅਤੇ ਟਰੱਕ ਆਪਰੇਟਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਡਿਪਟੀ ਕਮਿਸ਼ਨਰ,ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਅਤੇ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰਾਂ ਦੇ ਹਫ਼ਤਾ ਭਰ ਚੱਕਰ ਕੱਟਣ ਤੋਂ ਬਾਅਦ ਕੁੱਝ ਵੀ ਪੱਲੇ ਨਾ ਪੈਣ ਕਾਰਨ ਆਖ਼ਰਕਾਰ ਅੱਜ ਅੱਕੇ ਲੋਕਾਂ ਵਲੋਂ ਅੱਤ ਦੀ ਗਰਮੀ ਵਿਚ ਸਿਖਰ ਦੁਪਹਿਰੇ ਅਨਾਜ ਮੰਡੀ ਦੇ ਸਾਹਮਣੇ ਫਿਰੋਜਪੁਰ-ਫਾਜਿਲਕਾ ਮਾਰਗ 'ਤੇ ਧਰਨਾ ਮਾਰ ਕੇ ਸੜਕ ਨੂੰ ਜਾਮ ਕਰ ਦਿੱਤਾ ਗਿਆ | ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਆੜ੍ਹਤੀਆਂ ਅਤੇ ਟਰੱਕ ਆਪੇ੍ਰਟਰਾਂ ਦਾ ਕਹਿਣਾ ਸੀ ਕਿ ਇਸ ਅਨਾਜ ਮੰਡੀ ਵਿਚੋਂ ਖ਼ਰੀਦ ਕੀਤੀ ਕਣਕ ਅਨੰਦ ਸਟੋਰ ਕੜਮਾ-ਟਿੱਬੀ ਕਲਾਂ ਵਿਖੇ ਸਟੋਰ ਕੀਤੀ ਜਾਣੀ ਹੈ | ਜਿਸ ਦਾ ਸਹੀ ਰੂਟ ਫਿਰੋਜਪੁਰ-ਫਾਜਿਲਕਾ ਮਾਰਗ ਰਾਹੀ ਖਾਈ-ਟੀ-ਪੁਆਇੰਟ ਅਤੇ ਅੱਗੇ ਮਮਦੋਟ ਰੋਡ ਬਣਦਾ ਹੈ, ਪਰੰਤੂ ਸਬੰਧਿਤ ਮਹਿਕਮੇ ਅਤੇ ਪ੍ਰਸ਼ਾਸਨ ਵਲੋਂ ਛੋਟੀਆਂ ਅਤੇ ਤੰਗ ਪੇਂਡੂ ਸੰਪਰਕ ਸੜਕਾਂ ਰਾਹੀ ਗ਼ਲਤ ਰੂਟ ਬਣਾ ਕੇ ਕਿਰਾਇਆ 7 ਰੁਪਏ ਪ੍ਰਤੀ ਬੋਰੀ ਤੈਅ ਕਰ ਦਿੱਤਾ ਗਿਆ ਹੈ | ਪੇਂਡੂ ਸੰਪਰਕ ਸੜਕਾਂ ਦੀ ਚੌੜਾਈ 9-10 ਫੁੱਟ ਹੋਣ ਕਾਰਨ ਆਹਮੋ-ਸਾਹਮਣੇ ਦੋ ਟਰੱਕ ਪਾਸ ਨਹੀਂ ਹੁੰਦੇ | ਉੱਪਰੋਂ ਹਾਦਸਿਆਂ ਦੇ ਡਰੋਂ ਰਸਤੇ ਵਿਚ ਆਉਂਦੇ ਪਿੰਡਾਂ ਦੇ ਲੋਕ ਟਰੱਕ ਨਹੀਂ ਲੰਘਾਉਣ ਦਿੰਦੇ | ਇਹ ਮਾਮਲਾ ਖ਼ਰੀਦ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਉਨ੍ਹਾਂ ਲਈ ਢੋਆ-ਢੁਆਈ ਦਾ ਸਹੀ ਰੂਟ ਨਹੀਂ ਬਣਾਇਆ ਜਾ ਰਿਹਾ, ਖ਼ਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਕਹਿੰਦਾ ਹੈ ਕਿ ਤੁਸੀਂ ਕਣਕ ਉੱਪਰਲੇ ਰੂਟ ਰਾਹੀ ਢੋਅ ਦਿਓ,ਪਰੰਤੂ ਕਿਰਾਇਆ ਛੋਟੇ ਰੂਟ ਦਾ ਹੀ ਦਿੱਤਾ ਜਾਵੇਗਾ | ਜਿਸ ਕਾਰਨ ਟਰੱਕ ਆਪੇ੍ਰਟਰਾਂ ਨੂੰ ਬੱਚਤ ਹੋਣ ਦੀ ਬਜਾਏ ਜੇਬ ਵਿਚੋਂ 7-8 ਰੁਪਏ ਪ੍ਰਤੀ ਗੱਟਾ ਖ਼ਰਚ ਕੇ ਸਰਕਾਰੀ ਮਾਲ ਦੀ ਢੋਆ-ਢੁਆਈ ਕਰਨੀ ਪਵੇਗੀ | ਇਸ ਘਾਟੇ ਨੂੰ ਵੇਖਦਿਆਂ ਮਾਲ ਦੀ ਢੋਆ-ਢੁਆਈ ਦਾ ਟਾੈਡਰਕਾਰ ਕੰਮ ਛੱਡ ਗਿਆ ਹੈ | ਧਰਨਾਕਾਰੀਆਂ ਦਾ ਦੋਸ਼ ਸੀ ਕਿ ਸਾਰੀ ਸਾਰੀ ਰਾਤ ਬਿਜਲੀ ਨਾ ਆਉਣ ਕਾਰਨ ਜਿੱਥੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਗਰਮੀ ਅਤੇ ਮੱਛਰ ਵਿਚ ਮੰਡੀ ਵਿਚ ਰਹਿ ਕੇ ਕਣਕ ਦੀ ਰਾਖੀ ਕਰਨੀ ਪੈ ਰਹੀ ਹੈ | ਉੱਥੇ ਹਨੇਰਾ ਦਾ ਫ਼ਾਇਦਾ ਉਠਾ ਚੋਰ ਕਣਕ ਦੀਆਂ ਬੋਰੀਆਂ ਚੋਰੀ ਕਰ ਰਹੇ ਹਨ | ਕਣਕ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਵੇਚੀ ਕਣਕ ਦੀ ਅਦਾਇਗੀ ਨਹੀਂ ਹੋ ਰਹੀ,ਟਰੱਕ ਆਪਰੇਟਰ ਵਿਹਲੇ ਟਰੱਕ ਖੜ੍ਹੇ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਮੂੰਹ ਵੱਲ ਵੇਖ ਰਹੇ ਹਨ,ਪਰੰਤੂ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ, ਦੁਖੀ ਹੋ ਕੇ ਉਨ੍ਹਾਂ ਨੂੰ ਮੁੱਖ ਮਾਰਗ ਜਾਮ ਕਰਨਾ ਪਿਆ ਹੈ | ਉੱਧਰ ਮੁੱਖ ਮਾਰਗ ਜਾਮ ਹੋਣ ਦਾ ਪਤਾ ਚੱਲਣ ਤੋਂ ਬਾਅਦ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵਲੋਂ ਸੋਮਵਾਰ ਤੱਕ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ ਗਿਆ ਅਤੇ ਕਤਾਰਾਂ ਵਿਚ ਖੜ੍ਹੇ ਰਾਹਗੀਰਾਂ ਨੇ ਸੁਖ ਦਾ ਸਾਹ ਲਿਆ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਕਿਸਾਨ ਯੂਨੀਅਨ ਨੇ ਮੀਟਿੰਗ ਕਰਦਿਆਂ ਆਪਣੇ ਹੱਕਾਂ ਪ੍ਰਤੀ ਉਠਾਈ ਆਵਾਜ਼
Ad Position 24