ਗੁਰੂਹਰਸਹਾਏ, 25 ਅਪ੍ਰੈਲ (ਹਰਚਰਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਇਕਾਈ ਲੱਖੋਵਾਲ ਗੁਰੂਹਰਸਹਾਏ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਗੁਰਮੀਤ ਸਿੰਘ ਮੋਠਾਂ ਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਮੋਠਾਂ ਵਾਲਾ ਨੇ ਦੱਸਿਆ ਕਿ ਹਲਕਾ ਗੁਰੂਹਰਸਹਾਏ ਅੰਦਰ ਅਜੇ ਤੱਕ ਨਹਿਰਾਂ ਕੱਸੀਆਂ ਅਤੇ ਸੂਇਆਂ ਦੀ ਸਫ਼ਾਈ ਨਹੀਂ ਕੀਤੀ ਗਈ ਤੇ ਨਾ ਹੀ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ | ਸਮੂਹ ਕਿਸਾਨਾਂ ਨੇ ਇੱਕ ਜੁੱਟਤਾ ਨਾਲ ਆਵਾਜ਼ ਉਠਾਈ ਕੇ ਜਲਦ ਤੋਂ ਜਲਦ ਗੁਰੂਹਰਸਹਾਏ ਅੰਦਰ ਨਹਿਰਾਂ ਦੀ ਸਫ਼ਾਈ ਕਰਕੇ ਨਹਿਰੀ ਪਾਣੀ ਖੇਤਾਂ ਲਈ ਤੁਰੰਤ ਮੁਹੱਈਆ ਕਰਾਇਆ ਜਾਵੇ ਤਾਂ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇ ਸਕਣ | ਇਸ ਤੋਂ ਇਲਾਵਾ ਕਿਸਾਨ ਯੂਨੀਅਨ ਨੇ ਇਹ ਆਵਾਜ਼ ਚੱਕੀ ਅਤੇ ਗੁਰੂਹਰਸਹਾਏ ਹਲਕੇ ਅੰਦਰ ਕੁਝ ਦੁਕਾਨਦਾਰ ਕਿਸਾਨਾਂ ਨੂੰ ਬੇਲੋੜਾ ਸਮਾਨ ਥਾਪ ਦਿੰਦੇ ਹਨ | ਜਿਸ ਨਾਲ ਕਿਸਾਨਾਂ ਦੀ ਦੀ ਜੇਬ ਤੇ ਆਰਥਿਕ ਬੋਝ ਪੈਂਦਾ ਹੈ | ਇਸ ਤੋਂ ਇਲਾਵਾ ਨਕਲੀ ਕੀਟਨਾਸ਼ਕ ਦਵਾਈਆਂ ਦੀ ਸਪਲਾਈ ਹੋ ਰਹੀ ਖੇਤੀਬਾੜੀ ਵਿਭਾਗ ਤੁਰੰਤ ਦੁਕਾਨਦਾਰਾਂ ਦੀ ਚੈਕਿੰਗ ਕਰਕੇ ਇਹਨਾਂ ਖ਼ਿਲਾਫ਼ ਕਾਰਵਾਈ ਕਰਨੀ ਯਕੀਨੀ ਬਣਾਵੇ | ਉਹਨਾਂ ਨੇ ਮੰਗ ਕੀਤੀ ਕਿ ਹਲਕੇ ਅੰਦਰ ਡੀ.ਏ.ਪੀ ਖਾਦ ਅਤੇ ਯੂਰੀਆ ਖਾਦ ਦੀ ਜੋ ਕਮੀ ਹੈ, ਉਸ ਨੂੰ ਦੂਰ ਕਰਕੇ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਮੁਹੱਈਆ ਕਰਾਉਣ ਦਾ ਪ੍ਰਬੰਧ ਕੀਤਾ ਜਾਵੇ | ਮੀਟਿੰਗ ਦੌਰਾਨ ਸਮੂਹ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਉਕਤ ਮੰਗਾਂ ਤੇ ਪ੍ਰਸ਼ਾਸਨ ਨੇ ਗ਼ੌਰ ਨਾ ਕੀਤਾ ਤਾਂ ਕਿਸਾਨ ਯੂਨੀਅਨ ਵੱਡੇ ਇਕੱਠ ਨਾਲ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ | ਇਸ ਮੀਟਿੰਗ ਵਿਚ ਗੁਰਚਰਨ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਬਰਜਿੰਦਰ ਸਿੰਘ ,ਬਚਿੱਤਰ ਸਿੰਘ, ਲਾਭ ਸਿੰਘ ,ਗੁਰਦੀਪ ਸਿੰਘ ਕੌੜਾ, ਸੁਖਰਾਜ ਸਿੰਘ ,ਗੁਰਪ੍ਰੀਤ ਸਿੰਘ ਅਨੋਖ ਸਿੰਘ, ਸਤਪਾਲ ਸਿੰਘ, ਸੁਖਬੀਰ ਸਿੰਘ, ਗੁਰਬਚਨ ਸਿੰਘ ਸਮੇਤ ਵੱਡੀ ਗਿਣਤੀ ਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਹਾਜ਼ਰ ਸਨ |