ਫ਼ਿਰੋਜ਼ਪੁਰ, 27 ਅਪ੍ਰੈਲ(ਸੁਖਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਜਾਰੀ ਯਤਨਾਂ ਦੇ ਤਹਿਤ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਵਪਾਰ ਕਮਿਸ਼ਨ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਪਾਰੀ ਵਰਗ ਨਾਲ ਸਬੰਧਿਤ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਸਮਾਂਬੱਧ ਹੱਲ ਕਰਨ ਲਈ ਪੋਰਟਲ ਬਣਾਇਆ ਗਿਆ ਹੈ ਅਤੇ ਵਪਾਰੀ ਆਪਣੀਆਂ ਸ਼ਿਕਾਇਤਾਂ ਇਸ ਪੋਰਟਲ ਉੱਪਰ ਦਰਜ਼ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੋਰਟਲ ਉੱਪਰ ਜ਼ਿਲ੍ਹੇ ਨਾਲ ਸਬੰਧਿਤ ਪ੍ਰਾਪਤ ਹੋਈਆਂ ਸ਼ਿਕਾਇਤਾਂ ਵਿਚੋਂ ਜ਼ਿਆਦਾ ਨੂੰ ਹੱਲ ਕਰ ਦਿੱਤਾ ਗਿਆ ਹੈ | ਜਦਕਿ ਬਕਾਇਆ ਤਿੰਨ ਸ਼ਿਕਾਇਤਾਂ ਦੇ ਛੇਤੀ ਤੋਂ ਛੇਤੀ ਹੱਲ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੋਰਟਲ ਉੱਪਰ ਆਈ ਹਰ ਸ਼ਿਕਾਇਤ ਦਾ ਸਮਾਂਬੱਧ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਰਾਜ ਪੱਧਰ 'ਤੇ ਇਸ ਪੋਰਟਲ ਉੱਪਰ ਆਈਆਂ ਸ਼ਿਕਾਇਤਾਂ ਦਾ ਰੀਵਿਊ ਵੀ ਕੀਤਾ ਜਾਂਦਾ ਹੈ | ਇਸ ਦੇ ਨਾਲ ਹੀ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਜ਼ਾਰਾਂ ਵਿਚ ਟਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਇਸ ਦੇ ਨਾਲ ਹੀ ਬਾਜ਼ਾਰਾਂ ਵਿਚ ਪਬਲਿਕ ਟਾਇਲਟ, ਸਫ਼ਾਈ ਵਿਵਸਥਾ, ਸੀਵਰੇਜ, ਬੱਸਾਂ ਦਾ ਸਟਾਪ ਆਦਿ ਵੱਲ ਵੀ ਧਿਆਨ ਦੇਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ ਯਕੀਨੀ ਬਣਾਇਆ ਜਾਵੇ | ਮੀਟਿੰਗ ਵਿਚ ਐਸ.ਡੀ.ਐਮ. ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ, ਡੀ.ਐਸ.ਪੀ. ਰਵਿੰਦਰ ਪਾਲ ਸਿੰਘ, ਤਹਿਸੀਲਦਾਰ ਫ਼ਿਰੋਜ਼ਪੁਰ ਸੁਖਵੀਰ ਕੌਰ, ਪ੍ਰਭਜੋਤ ਸਿੰਘ ਸਟੇਟ ਟੈਕਸ ਅਫ਼ਸਰ, ਕੇਵਲ ਕਿ੍ਸ਼ਨ ਸ਼ਰਮਾ ਐਸ.ਡੀ.ਓ. ਮੰਡੀ ਬੋਰਡ, ਜੀ.ਐਮ. ਰੋਡਵੇਜ਼ ਅਮਿਤ ਅਰੋੜਾ, ਸੁਖਪਾਲ ਸਿੰਘ ਸੁਪਰਡੰਟ, ਹਰਪ੍ਰੀਤ ਸਿੰਘ ਸੋਢੀ, ਰਾਜਵੀਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |