ਗੁਰੂਹਰਸਹਾਏ, 2 ਮਈ (ਕਪਿਲ ਕੰਧਾਰੀ)-ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਅੱਜ 3 ਮਈ , ਦਿਨ ਐਤਵਾਰ ਨੂੰ ਗੁਰੂਹਰਸਹਾਏ ਵਿਖੇ ਇਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ | ਇਹ ਮੀਟਿੰਗ ਸ਼ਾਮ 4 ਵਜੇ ਬਿੰਦਰਾ ਡੇਅਰੀ ਐਂਡ ਸਵੀਟਸ ਵਿਖੇ ਕਰਵਾਈ ਜਾਵੇਗੀ | ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਸ਼ਾਖਾ ਗੁਰੂਹਰਸਹਾਏ, ਸਮਾਜ ਸੇਵਾ ਸੋਸਾਇਟੀ ਗੁਰੂਹਰਸਹਾਏ ਅਤੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਨਰਲ ਕੈਟਾਗਰੀ ਨੂੰ ਦਰਪੇਸ਼ ਸਮੱਸਿਆਵਾਂ, ਮੰਗਾਂ ਅਤੇ ਸਮਾਜ ਦੇ ਭਵਿੱਖ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਸਮਾਜ ਅਤੇ ਬੱਚਿਆਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਸਾਰਿਆਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਵਲੋਂ ਇਸ ਸਾਲ ਲਈ ਛਪਵਾਇਆ ਗਿਆ ਨਵਾਂ ਕਲੰਡਰ ਵੀ ਜਾਰੀ ਕੀਤਾ ਜਾਵੇਗਾ | ਸੰਸਥਾਵਾਂ ਵਲੋਂ ਸਮੂਹ ਮੈਂਬਰਾਂ ਅਤੇ ਸਮਾਜ ਦੇ ਭਰਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਸ਼ਚਿਤ ਸਮੇਂ ਅਤੇ ਸਥਾਨ 'ਤੇ ਪਹੁੰਚ ਕੇ ਸਮਾਜ ਦੀ ਭਲਾਈ ਅਤੇ ਤਰੱਕੀ ਲਈ ਆਪਣਾ ਯੋਗਦਾਨ ਪਾਉਣ |