ਫਿਰੋਜ਼ਪੁਰ, 2 ਮਈ (ਗੁਰਿੰਦਰ ਸਿੰਘ)-ਨਜ਼ਦੀਕੀ ਪਿੰਡ ਨਵਾਂ ਬਾਰੇ ਕੀ ਸਫ਼ੈਦਿਆਂ ਵਾਲੀ ਬਸਤੀ ਵਿਚ ਅੱਜ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਇਕ ਕਿਸਾਨ ਵਲੋਂ ਖੇਤਾਂ ਵਿਚ ਨਾੜ ਨੂੰ ਲਗਾਈ ਅੱਗ ਨੇ ਅਚਾਨਕ ਭਿਆਨਕ ਰੂਪ ਧਾਰ ਲਿਆ | ਤੇਜ਼ ਹਵਾਵਾਂ ਕਾਰਨ ਅੱਗ ਨੇ ਪਲਾਂ ਵਿਚ ਹੀ ਨੇੜੇ ਸਥਿਤ ਝੁੱਗੀ ਨੁੰਮਾ ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਨਾਲ ਚਾਰ ਤੋਂ ਪੰਜ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ | ਪ੍ਰਤੱਖ ਦਰਸ਼ੀਆਂ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਵਸਨੀਕਾਂ ਨੂੰ ਆਪਣਾ ਸਮਾਨ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ | ਝੁੱਗੀਆਂ ਵਿਚ ਰੱਖਿਆ ਕੀਮਤੀ ਘਰੇਲੂ ਸਾਮਾਨ, ਅਨਾਜ, ਕੱਪੜੇ ਅਤੇ ਹੋਰ ਜ਼ਰੂਰੀ ਚੀਜ਼ਾਂ ਅੱਗ ਦੀ ਭੇਟ ਚੜ੍ਹ ਗਈਆਂ | ਘਟਨਾ ਦੌਰਾਨ ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪੀੜਤ ਪਰਿਵਾਰਾਂ ਨੂੰ ਵੱਡਾ ਆਰਥਿਕ ਝਟਕਾ ਲੱਗਿਆ ਹੈ | ਪੀੜਤ ਪਰਿਵਾਰ ਦੀ ਮਹਿਲਾ ਬੰਤੋ ਨੇ ਦੱਸਿਆ ਕਿ ਉਹ ਗਰੀਬ ਵਰਗ ਨਾਲ ਸੰਬੰਧਤ ਹਨ ਅਤੇ ਆਪਣੀ ਰੋਜ਼ੀ-ਰੋਟੀ ਲਈ ਮਿਹਨਤ ਮਜ਼ਦੂਰੀ 'ਤੇ ਨਿਰਭਰ ਹਨ | ਉਨ੍ਹਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਮਾਲੀ ਮਦਦ ਅਤੇ ਪੁਨਰਵਾਸ ਦੀ ਮੰਗ ਕੀਤੀ ਹੈ ਤਾਂ ਜੋ ਉਹ ਦੁਬਾਰਾ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਝ ਦਿਨ ਪਹਿਲਾਂ ਹੀ ਕਣਕ ਦੇ ਨਾੜ ਨੂੰ ਅੱਗ ਲਗਾਉਣ 'ਤੇ ਸਖ਼ਤ ਪਾਬੰਦੀ ਲਗਾਈ ਗਈ ਸੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ ਸੀ | ਇਸ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਘਟਨਾਵਾਂ ਪ੍ਰਸ਼ਾਸਨਿਕ ਹੁਕਮਾਂ ਦੀ ਅਣਦੇਖੀ ਨੂੰ ਦਰਸਾਉਂਦੀਆਂ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਨਾੜ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅੱਗ ਬੁਝਾਊ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ |